ਅਮਰੀਕਾ-ਇਜ਼ਰਾਇਲ ਵੱਲੋਂ ਈਰਾਨ ਤੇ ਕੀਤਾ ਹਮਲਾ ਅਤਿ-ਨਿੰਦਣਯੋਗ : ਕਾ: ਸੇਖੋਂ
‘ਕੇਂਦਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਉਜਾਗਰ ਕਰਨ ਲਈ 11 ਮਾਰਚ ਤੋਂ 20 ਤੱਕ ਸਮੁੱਚੇ ਪੰਜਾਬ ਵਿੱਚ ਕਰਾਂਗੇ ਜਥਾ ਮਾਰਚ’ (ਜਗਸੀਰ ਸਿੰਘ) - ਅੱਜ ਸੀਪੀਆਈ ਐਮ ਦਫਤਰ ਚਮਕ ਭਵਨ ਸੰਗਰੂਰ ਵਿਖੇ ਸੀਪੀਆਈ ਐਮ ਜ਼ਿਲ੍ਹਾ ਸੰਗਰੂਰ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਕਾਮਰੇਡ ਨਛੱਤਰ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਮਰੇਡ ਭੂਪ ਚੰਦ ਚੰਨੋ ਸੂਬਾ ਸਕੱਤਰੇਤ ਮੈਂਬਰ ਅਤੇ ਕਾਮਰੇਡ ਚਮਕੌਰ ਸਿੰਘ ਖੇੜੀ ਜਿਲ੍ਹਾ ਸਕੱਤਰ ਸੀਪੀਆਈ ਐਮ ਸੰਗਰੂਰ ਨੇ ਕਿਹਾ ਕਿ ਜੋ ਪਾਰਟੀ ਦਾ ਜਥਾ ਮਾਰਚ ਆਵੇਗਾ ਉਸ ਜੱਥੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸੂਬਾ ਸਕੱਤਰ ਸੀਪੀਆਈਐਮ ਪੰਜਾਬ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਇਜ਼ਰਾਇਲ ਵੱਲੋਂ ਮਿਲ ਕੇ ਈਰਾਨ ਤੇ ਹਮਲਾ ਕੀਤਾ ਗਿਆ ਹੈ, ਉਸ ਦੀ ਸੀਪੀਆਈ ਐਮ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਉਨਾਂ ਆਖਿਆ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਪਾਸੇ ਆਪਣੇ ਆਪ ਨੂੰ ਸ਼ਾਂਤੀ ਦਾ ਮਹਾਂਦੂਤ ਅਖਵਾ ਕੇ ਆਪਣੇ ਲਈ ਨੋਬਲ ਪੁਰਸਕਾਰ ਦੀ ਮੰਗ ਕਰ ਰਿਹੈ, ਦੂਜੇ ਪਾਸੇ ਵੈਂਜੂਏਲਾ ਵਰਗੇ ਦੇਸ਼ ਨਾਲ ਉਸ ਨੇ ਕਿਸ ਤਰਾਂ ਦਾ ਵਿਵਹਾਰ ਕੀਤਾ ਇਸ ਬਾਰੇ ਸਾਰਾ ਸੰਸਾਰ ਜਾਣਦਾ ਹੈ। ਉਨਾਂ ਕਿਹਾ ਕਿ ਇਸ ਜੰਗ ਨਾਲ ਸਮੁੱਚੇ ਸੰਸਾਰ ਦੇ ਨਾਲ ਭਾਰਤ ਵਿੱਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਵਿੱਚ ਅਥਾਹ ਵਾਧਾ ਹੋਵੇਗਾ। ਤੇਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਅੱਜ ਜਿਹੜੇ ਹਾਲਾਤ ਬਣ ਗਏ ਹਨ, ਉਹ ਸਮੁੱਚੇ ਸੰਸਾਰ ਅਤੇ ਮਨੁੱਖਤਾ ਲਈ ਬੇਹੱਦ ਘਾਤਕ ਹਨ। ਉਨਾਂ ਇਹ ਵੀ ਆਖਿਆ ਕਿ ਭਾਰਤ ਵੱਲੋਂ ਅਮਰੀਕਾ ਨਾਲ ਜਿਹੜੀ ਵਪਾਰ ਸੰਧੀ ਕੀਤੀ ਗਈ ਹੈ ਉਸ ਵਿੱਚ ਵੀ ਅਮਰੀਕਾ ਨੇ ਮਨਮਰਜ਼ੀ ਕੀਤੀ ਹੈ ਭਾਰਤ ਸਰਕਾਰ ਨੇ ਥੱਲੇ ਲੱਗ ਕੇ ਗੁਪਤ ਤਰੀਕੇ ਨਾਲ ਇਹ ਸੰਧੀ ਕੀਤੀ ਹੈ। ਉਨਾਂ ਆਖਿਆ ਕਿ ਇਹ ਪਹਿਲੀ ਵਾਰੀ ਹੋਇਆ ਕਿ ਯੂਐਸਏ ਨਾਲ ਭਾਰਤ ਦੀ ਮੁਕਤ ਵਪਾਰ ਸੰਧੀ ਹੋਈ ਉਸ ਦਾ ਬਿਆਨ ਸਿਰਫ਼ ਵਾਇਟ ਹਾਊਸ ਵੱਲੋਂ ਜਾਰੀ ਹੋਇਆ ਭਾਰਤ ਵੱਲੋਂ ਜਾਰੀ ਹੀ ਨਹੀਂ ਹੋਇਆ। ਅਸੀਂ ਇਸ ਸੰਧੀ ਦੀ ਵੀ ਆਲੋਚਨਾ ਕਰਦੇ ਹਾਂ। ਨਰਿੰਦਰ ਮੋਦੀ ਨੇ 2014 ਤੋਂ ਲੈ ਕੇ ਹੁਣ ਤੱਕ ਅਮਰੀਕਾ ਦੀ ਅਧੀਨਗੀ ਵਾਲਾ ਜਿਹੜਾ ਪਦ ਹਾਸਲ ਕੀਤਾ ਹੈ। ਉਨਾਂ ਇਹ ਵੀ ਆਖਿਆ ਕਿ ਅਸੀਂ 24 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇਸ਼ ਵਿਆਪੀ ਰੈਲੀ ਕਰ ਰਹੇ ਹੈ ਜਿਸ ਵਿੱਚ ਅਮਰੀਕਾ ਭਾਰਤ ਦੀ ਮੁਕਤ ਵਪਾਰ ਸੰਧੀ ਦਾ ਹੀ ਵੱਡਾ ਵਿਸ਼ਾ ਹੈ। ਇਸ ਤੋਂ ਇਲਾਵਾ ਮਨਰੇਗਾ ਵਿੱਚ ਬਦਲਾਅ, ਖੇਤੀ ਬਿਜਲੀ ਤੇ ਬੀਜਾਂ ਨਾਲ ਸਬੰਧਿਤ ਕਾਨੂੰਨਾਂ ਬਾਰੇ ਵਿਸਥਾਰ ਚਰਚਾ ਕੀਤੀ ਜਾਵੇਗੀ। ਉਨਾਂ ਹੋਰ ਦੱਸਿਆ ਕਿ ਅਸੀਂ 11 ਮਾਰਚ ਤੋਂ 20 ਮਾਰਚ ਤੱਕ ਸਾਰੇ ਪੰਜਾਬ ’ਚ ਜੱਥਾ ਮਾਰਚ ਕਰਾਂਗੇ ਅਤੇ ਇਹ ਜਥਾ ਮਾਰਚ ਸ਼ਹੀਦਾਂ ਦੇ ਪਿੰਡ ਸੁਰ ਸਿੰਘ ਵਾਲਾ ਤੋਂ ਜਿਹੜਾ ਤਰਨਤਾਰਨ ਜਿਲੇ ਚ ਪੈਂਦਾ ਹੈ, ਤੋਂ ਸ਼ੁਰੂ ਕਰ ਰਹੇ ਹਾਂ। 11 ਮਾਰਚ ਨੂੰ 11 ਵਜੇ ਜਲਿਆਂ ਵਾਲੇ ਬਾਗ ਜਾਵਾਂਗੇ ਸਾਰੇ ਪੰਜਾਬ ਘੁੰਮਦਿਆਂ ਹੋਇਆਂ 20 ਤਰੀਕ ਨੂੰ ਖਟਕੜ ਕਲਾਂ ਭਗਤ ਸਿੰਘ ਦੇ ਪਿੰਡ ਵੀ ਜਾਵਾਂਗੇ। ਇਸ ਮੌਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਅਮਰੀਕਾ ਮੁਕਤ ਵਪਾਰ ਸੰਧੀ, ਮਨੇਰੇਗਾ ਵਿੱਚ ਕੀਤੇ ਬਦਲਾਅ, ਖੇਤੀ, ਬਿਜਲੀ ਤੇ ਬੀਜਾਂ ਨਾਲ ਸਬੰਧਿਤ ਨੀਤੀ ਬਾਰੇ ਕੇਂਦਰ ਸਰਕਾਰ ਦੀਆਂ ਵੱਡੇ ਵਪਾਰੀਆਂ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਬੇਪਰਦ ਕੀਤੀਆਂ ਜਾਣਗੀਆਂ। ਉਨਾਂ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰ ਪੂਰੀ ਤਰਾਂ ਫੇਲ ਹੋ ਚੁੱਕੀ ਹੈ, ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਨਾਂ ਨੂੰ ਮਾਰਿਆ ਜਾ ਰਿਹਾ ਹੈ। ਅਸੀਂ ਪੰਜਾਬ ਪੁਲਿਸ ਦੀ ਇਸ ਕਾਰਵਾਈ ਦੀ ਆਲੋਚਨਾ ਕਰਦੇ ਹਾਂ। ਇਸ ਮੌਕੇ ਕਾਮਰੇਡ ਜੋਗਾ ਸਿੰਘ ਉੱਪਲੀ, ਹਰਬੰਸ ਸਿੰਘ ਨਮੋਲ, ਸਤਿੰਦਰ ਪਾਲ ਸਿੰਘ ਚੀਮਾ, ਇੰਦਰਜੀਤ ਸਿੰਘ ਛੰਨਾ, ਹੰਗੀ ਖਾਂ, ਜੋਗਿੰਦਰ ਸਿੰਘ ਬੱਧਣ, ਵਰਿੰਦਰ ਕੌਸਿਕ, ਦਰਸਨ ਸਿੰਘ ਮੱਟੂ ਸੁਨਾਮ, ਪਰਮਜੀਤ ਕੌਰ ਭੱਟੀਵਾਲ, ਹਰਮੇਸ਼ ਕੌਰ ਰਾਏ ਸਿੰਘ ਵਾਲਾ, ਸੁਖਵਿੰਦਰ ਕੌਰ ਨਰਾਇਣਗੜ੍ਹ, ਅਜਮੇਰ ਸਿੰਘ ਖੇੜੀ, ਜੀਤ ਸਿੰਘ ਘਰਾਚੋਂ, ਪੋਹਲੂ ਸਿੰਘ ਜਖੇਪਲ, ਸੀਤਾ ਸਿੰਘ ਜਖੇਪਲ, ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
Posted By: Daily Suraj Bureau