ਹੰਟਾਵਾਇਰਸ ਦੇ ਖਤਰੇ ਕਾਰਨ ਕਰੂਜ਼ ਜਹਾਜ਼ ਤੋਂ ਕੈਨੇਡੀਅਨ ਯਾਤਰੀ ਵਾਪਸ ਭੇਜੇ ਗਏ
ਸਪੇਨ ਦੇ ਕੈਨਰੀ ਟਾਪੂਆਂ ਵਿੱਚ ਖੜ੍ਹੇ ਕਰੂਜ਼ ਜਹਾਜ਼ ਐਮਵੀ ਹੌਂਡੀਅਸ ‘ਤੇ ਫੈਲੇ ਖਤਰਨਾਕ ਹੰਟਾਵਾਇਰਸ ਕਾਰਨ ਕੈਨੇਡੀਅਨ ਯਾਤਰੀਆਂ ਨੂੰ ਐਤਵਾਰ ਸੁਰੱਖਿਆ ਪ੍ਰਬੰਧਾਂ ਹੇਠ ਵਾਪਸ ਕੈਨੇਡਾ ਭੇਜਿਆ ਗਿਆ। ਇਸ ਵਾਇਰਸ ਦੇ ਫੈਲਾਅ ਤੋਂ ਬਾਅਦ ਜਹਾਜ਼ ‘ਤੇ ਸਿਹਤ ਸੰਬੰਧੀ ਚਿੰਤਾਵਾਂ ਵਧ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ, ਹੰਟਾਵਾਇਰਸ ਕਾਰਨ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਵਿੱਚ ਇੱਕ ਡੱਚ ਜੋੜਾ ਅਤੇ ਇੱਕ ਜਰਮਨ ਮਹਿਲਾ ਸ਼ਾਮਲ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 10 ਕੈਨੇਡੀਅਨ ਇਸ ਮਾਮਲੇ ਨਾਲ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਯਾਤਰੀਆਂ ਵਿੱਚੋਂ ਚਾਰ ਵਿਅਕਤੀ ਜਹਾਜ਼ ‘ਤੇ ਹੀ ਰਹੇ, ਜਦਕਿ ਹੋਰ ਲੋਕ ਪਹਿਲਾਂ ਹੀ ਜਹਾਜ਼ ਛੱਡ ਚੁੱਕੇ ਸਨ ਜਾਂ ਸੰਕਰਮਿਤ ਯਾਤਰੀਆਂ ਦੇ ਸੰਪਰਕ ਵਿੱਚ ਆਏ ਸਨ। ਕੈਨੇਡੀਅਨ ਯਾਤਰੀਆਂ ਨੂੰ ਪੂਰੀ ਸੁਰੱਖਿਆ ਕਿੱਟ ਪਹਿਨਾ ਕੇ ਜਹਾਜ਼ ਤੋਂ ਬਾਹਰ ਲਿਆਂਦਾ ਗਿਆ। ਇਸ ਤੋਂ ਬਾਅਦ ਸਪੇਨੀ ਫੌਜ ਦੀਆਂ ਬੱਸਾਂ ਰਾਹੀਂ ਉਨ੍ਹਾਂ ਨੂੰ ਹਵਾਈ ਅੱਡੇ ਤੱਕ ਪਹੁੰਚਾਇਆ ਗਿਆ। ਉਥੋਂ ਉਹ ਕਿਊਬੈਕ ਨੇੜੇ ਸਾਗੁਨੇ-ਬਾਗੋਟਵਿਲ ਹਵਾਈ ਅੱਡੇ ਲਈ ਰਵਾਨਾ ਹੋਏ। ਸਿਹਤ ਮਾਹਿਰਾਂ ਅਨੁਸਾਰ ਹੰਟਾਵਾਇਰਸ ਲਈ ਇਸ ਸਮੇਂ ਕੋਈ ਟੀਕਾ ਜਾਂ ਖਾਸ ਇਲਾਜ ਉਪਲਬਧ ਨਹੀਂ ਹੈ। ਇਹ ਵਾਇਰਸ ਆਮ ਤੌਰ ‘ਤੇ ਚੂਹਿਆਂ ਰਾਹੀਂ ਫੈਲਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਰੂਜ਼ ਜਹਾਜ਼ ਅਪ੍ਰੈਲ ਮਹੀਨੇ ਵਿੱਚ ਅਰਜਨਟੀਨਾ ਤੋਂ ਰਵਾਨਾ ਹੋਇਆ ਸੀ। ਵਿਸ਼ਵ ਸਿਹਤ ਸੰਸਥਾ ਦੇ ਮੁਖੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ਨੂੰ ਕੋਵਿਡ-19 ਵਰਗੀ ਵਿਸ਼ਵ ਪੱਧਰੀ ਮਹਾਂਮਾਰੀ ਨਾਲ ਜੋੜਨਾ ਠੀਕ ਨਹੀਂ ਹੋਵੇਗਾ।
Posted By: Daily Suraj Bureau