Daily Suraj

ਪੰਜਾਬੀ

17 ਭਾਰਤੀ ਸਟੂਡੈਂਟਸ ਦੇ ਕੈਨੇਡਾ ਵਿੱਚ ਮਾਰੇ ਜਾਣ ‘ਤੇ ਸੁਰੱਖਿਆ ਚਿੰਤਾਵਾਂ ਵਧੀਆਂ

07 Feb, 2026 12:08 PM

ਵਿਦੇਸ਼ ਰਾਜ ਮੰਤਰੀ ਨੇ ਸੰਸਦ ਵਿਚ ਦਿੱਤੀ ਜਾਣਕਾਰੀ; ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਹਿੰਸਕ ਹਮਲਿਆਂ ’ਤੇ ਚਿੰਤਾ ਪ੍ਰਗਟਾਈ ਭਾਰਤ ਸਰਕਾਰ ਨੇ ਵਿਦੇਸ਼ ਵਿੱਚ, ਖਾਸ ਕਰਕੇ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੇ ਅੰਕੜੇ ਸਾਂਝੇ ਕਰਦਿਆਂ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸੰਸਦ ਵਿੱਚ ਦੱਸਿਆ ਕਿ ਸਾਲ 2018 ਤੋਂ 2025 ਵਿਚਕਾਰ ਇਕੱਲੇ ਕੈਨੇਡਾ ਵਿੱਚ ਹੀ 17 ਭਾਰਤੀ ਵਿਦਿਆਰਥੀਆਂ ਦੀ ਜਾਨ ਚਲੀ ਗਈ। ਇਹ ਸਾਰੇ ਵਿਦਿਆਰਥੀ ਵੱਖ-ਵੱਖ ਹਿੰਸਕ ਹਮਲਿਆਂ ਦਾ ਸ਼ਿਕਾਰ ਹੋਏ ਸਨ। ਵਿਦੇਸ਼ ਰਾਜ ਮੰਤਰੀ ਨੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਓਵੈਸੀ ਨੇ ਪੁੱਛਿਆ ਸੀ ਕਿ ਕੀ ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਵਿਰੁੱਧ ਵਧ ਰਹੀ ਹਿੰਸਾ ਦੀਆਂ ਘਟਨਾਵਾਂ ਤੋਂ ਜਾਣੂ ਹੈ ਅਤੇ ਕੀ ਇਨ੍ਹਾਂ ਦੀ ਸਮੇਂ ਸਿਰ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਿਰਫ਼ ਕੈਨੇਡਾ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿੱਚ ਵੀ ਭਾਰਤੀ ਨਾਗਰਿਕ ਹਿੰਸਾ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ 17 ਮੌਤਾਂ, ਅਮਰੀਕਾ ਵਿਚ 9 ਮੌਤਾਂ, ਆਸਟ੍ਰੇਲੀਆ ਵਿਚ 3 ਮੌਤਾਂ, ਕਿਰਗਿਸਤਾਨ ਵਿਚ 2 ਮੌਤਾਂ, ਬ੍ਰਿਟੇਨ, ਚੀਨ, ਡੈਨਮਾਰਕ, ਜਰਮਨੀ ਅਤੇ ਗ੍ਰੇਨਾਡਾ ਵਿਚ 1-1 ਭਾਰਤੀ ਨਾਗਰਿਕ ਦੀ ਮੌਤ ਹੋਈ ਹੈ। Advertisement ਕੇਂਦਰੀ ਮੰਤਰੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਲਗਾਤਾਰ ਵਿਦਿਆਰਥੀਆਂ ਦੇ ਸੰਪਰਕ ਵਿੱਚ ਰਹਿੰਦੇ ਹਨ। ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਅਤੇ ਉੱਥੇ ਪਹੁੰਚਣ ਤੋਂ ਬਾਅਦ ਓਰੀਐਂਟੇਸ਼ਨ ਰਾਹੀਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਸਬੰਧਤ ਦੇਸ਼ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਅਤੇ ਖ਼ਤਰਿਆਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ।

Posted By: Daily Suraj Bureau

Latest News