Daily Suraj

ਪੰਜਾਬੀ

ਭਗਵੰਤ ਮਾਨ ਸਰਕਾਰ ਦੇ ਸਿੱਖਿਆ ਸੁਧਾਰਾਂ ਨੂੰ ਮਿਲੀ ਵੱਡੀ ਕਾਮਯਾਬੀ

10 May, 2026 04:39 PM

ਪੰਜਾਬ ਨੇ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਦੇ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕਰਦਿਆਂ ਕੇਰਲਾ, ਮਹਾਰਾਸ਼ਟਰ ਅਤੇ ਦਿੱਲੀ ਵਰਗੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਦੇ ਸਿੱਖਿਆ ਸੁਧਾਰਾਂ ਨੂੰ ਦੇਸ਼ ਭਰ ਵਿੱਚ ਸਭ ਤੋਂ ਉੱਚਾ ਦਰਜਾ ਮਿਲਿਆ ਹੈ। ਰਿਪੋਰਟ ਮੁਤਾਬਕ ਬੁਨਿਆਦੀ ਸਿੱਖਿਆ, ਡਿਜੀਟਲ ਢਾਂਚੇ ਅਤੇ ਸਕੂਲੀ ਸਹੂਲਤਾਂ ਦੇ ਮਾਮਲੇ ਵਿੱਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਭਾਸ਼ਾ ਅਤੇ ਗਣਿਤ ਦੇ ਵਿਸ਼ਿਆਂ ਵਿੱਚ ਵੀ ਪੰਜਾਬ ਦੇ ਵਿਦਿਆਰਥੀਆਂ ਨੇ ਕੇਰਲਾ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਇੰਟਰਨੈੱਟ ਅਤੇ ਕੰਪਿਊਟਰ ਸਹੂਲਤਾਂ ਦਾ ਵੱਡੇ ਪੱਧਰ ‘ਤੇ ਵਿਸਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ  ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਸੂਬੇ ਦੇ ਲੋਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਗਏ ਨਿਵੇਸ਼ ਅਤੇ ਸੁਧਾਰਾਂ ਦੇ ਨਤੀਜੇ ਹੁਣ ਸਪੱਸ਼ਟ ਤੌਰ ‘ਤੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਨੂੰ ਅਪਗ੍ਰੇਡ ਕਰਨ, ਸਮਾਰਟ ਕਲਾਸਰੂਮ ਬਣਾਉਣ ਅਤੇ ਅਧਿਆਪਕਾਂ ਨੂੰ ਉੱਚ ਪੱਧਰੀ ਸਿਖਲਾਈ ਦੇਣ ਨਾਲ ਸਿੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਨੀਤੀ ਆਯੋਗ ਦੀ ਰਿਪੋਰਟ ਅਨੁਸਾਰ ਤੀਜੀ ਜਮਾਤ ਦੀ ਭਾਸ਼ਾ ਵਿੱਚ ਪੰਜਾਬ ਨੇ 82 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ, ਜਦਕਿ ਕੇਰਲਾ 75 ਫ਼ੀਸਦ ‘ਤੇ ਰਿਹਾ। ਇਸੇ ਤਰ੍ਹਾਂ ਤੀਜੀ ਜਮਾਤ ਦੇ ਗਣਿਤ ਵਿੱਚ ਪੰਜਾਬ ਨੂੰ 78 ਫ਼ੀਸਦ ਅਤੇ ਕੇਰਲਾ ਨੂੰ 70 ਫ਼ੀਸਦ ਅੰਕ ਮਿਲੇ। ਨੌਵੀਂ ਜਮਾਤ ਦੇ ਗਣਿਤ ਵਿੱਚ ਵੀ ਪੰਜਾਬ ਨੇ 52 ਫ਼ੀਸਦ ਅੰਕ ਪ੍ਰਾਪਤ ਕਰਕੇ ਕੇਰਲਾ ਦੇ 45 ਫ਼ੀਸਦ ਅੰਕਾਂ ਨੂੰ ਪਿੱਛੇ ਛੱਡਿਆ। ਡਿਜੀਟਲ ਸਿੱਖਿਆ ਦੇ ਮਾਮਲੇ ਵਿੱਚ ਵੀ ਪੰਜਾਬ ਨੇ ਮਹੱਤਵਪੂਰਨ ਤਰੱਕੀ ਦਰਜ ਕੀਤੀ ਹੈ। ਮੁੱਖ ਮੰਤਰੀ ਦੇ ਅਨੁਸਾਰ ਸੂਬੇ ਦੇ 80.1 ਫ਼ੀਸਦ ਸਕੂਲ ਸਮਾਰਟ ਕਲਾਸਰੂਮ ਨਾਲ ਲੈਸ ਹਨ, 

ਜਦਕਿ ਹਰਿਆਣਾ ਵਿੱਚ ਇਹ ਅੰਕੜਾ 50.3 ਫ਼ੀਸਦ ਹੈ। ਇਸੇ ਤਰ੍ਹਾਂ ਪੰਜਾਬ ਦੇ 88.9 ਫ਼ੀਸਦ ਸਕੂਲਾਂ ਵਿੱਚ ਇੰਟਰਨੈੱਟ ਸਹੂਲਤ ਉਪਲਬਧ ਹੈ, ਜਦਕਿ ਹਰਿਆਣਾ 78.9 ਫ਼ੀਸਦ ‘ਤੇ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 99.9 ਫ਼ੀਸਦ ਸਕੂਲਾਂ ਵਿੱਚ ਬਿਜਲੀ ਸਪਲਾਈ ਅਤੇ 99 ਫ਼ੀਸਦ ਸਕੂਲਾਂ ਵਿੱਚ ਕੰਪਿਊਟਰ ਉਪਲਬਧ ਹਨ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਅਧਿਆਪਕ ਸਿਖਲਾਈ, ਆਧੁਨਿਕ ਸਿੱਖਣ ਵਿਧੀਆਂ ਅਤੇ ਡਿਜੀਟਲ ਢਾਂਚੇ ‘ਤੇ ਲਗਾਤਾਰ ਧਿਆਨ ਦਿੱਤਾ ਗਿਆ, ਜਿਸ ਦਾ ਨਤੀਜਾ ਅੱਜ ਪੰਜਾਬ ਦੇਸ਼ ਵਿੱਚ ਸਿੱਖਿਆ ਖੇਤਰ ਦਾ ਮੋਹਰੀ ਸੂਬਾ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਸਾਰੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ, ਸਿੱਖਿਆ ਮੰਤਰੀ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਖੇਤਰ ਨਾਲ ਜੁੜੇ ਹਰ ਵਿਅਕਤੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਸਾਰਿਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਪੰਜਾਬ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਹੋਰ ਖੇਤਰਾਂ ਵਿੱਚ ਵੀ ਜਲਦੀ ਦੇਸ਼ ਦਾ ਮੋਹਰੀ ਸੂਬਾ ਬਣੇਗਾ।

Posted By: Daily Suraj Bureau

Latest News