Daily Suraj

ਪੰਜਾਬੀ

ਕੋਟ ਈਸੇ ਖਾਂ ਪੁਲੀਸ ਦੀ ਕਾਰਵਾਈ, ਪਿਸਤੌਲਾਂ ਤੇ ਅਫੀਮ ਸਮੇਤ ਤਸਕਰ ਕਾਬੂ

14 Apr, 2026 06:51 PM

ਕੋਟ ਈਸੇ ਖਾਂ ਪੁਲੀਸ ਨੇ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਤਿੰਨੋਂ ਤਸਕਰ ਮੱਖੂ ਖੇਤਰ ਨਾਲ ਸਬੰਧਤ ਹਨ ਅਤੇ ਭੇਸ ਬਦਲ ਕੇ ਕੋਟ ਈਸੇ ਖਾਂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਲਵਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸ਼ਾਹ ਅੱਬੂ ਬੋਕਰ ਅਤੇ ਇੱਕ ਹੋਰ ਲਵਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੂਦਾ ਥਾਣਾ ਮੱਖੂ ਵਜੋਂ ਹੋਈ ਹੈ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦੇਰ ਸ਼ਾਮ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਇੱਕ ਰਿਵਾਲਵਰ, 16 ਜ਼ਿੰਦਾ ਕਾਰਤੂਸ, ਅੱਧਾ ਕਿਲੋਗ੍ਰਾਮ ਅਫੀਮ, ਇੱਕ ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ। ਇਸ ਸਬੰਧੀ ਹਲਕਾ ਡੀਐਸਪੀ ਜਸਵਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੂੰ ਕਾਫੀ ਸਮੇਂ ਤੋਂ ਇਨ੍ਹਾਂ ਤਸਕਰਾਂ ਦੀ ਤਲਾਸ਼ ਸੀ ਅਤੇ ਇਹ ਆਪਣੀ ਪਛਾਣ ਲੁਕਾ ਕੇ ਰਹਿ ਰਹੇ ਸਨ। ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫਸਰ ਸੁਨੀਤਾ ਬਾਵਾ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਇਨ੍ਹਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਇਹ ਕਾਰਵਾਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀ ਗਈ ਹੈ, ਜਿਸ ਦੀ ਦੇਖ-ਰੇਖ ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹਫ਼ਤੇ ਅੰਦਰ ਇਹ ਪੁਲੀਸ ਦੀ ਦੂਜੀ ਵੱਡੀ ਸਫਲਤਾ ਹੈ। ਦੋ ਦਿਨ ਪਹਿਲਾਂ ਵੀ ਇਸੇ ਪੁਲੀਸ ਨੇ 250 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਹੋਰ ਤਸਕਰਾਂ ਨੂੰ ਕਾਬੂ ਕੀਤਾ ਸੀ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਖੇਤਰ ਵਿੱਚ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਮੁਹਿੰਮ ਜਾਰੀ ਰਹੇਗੀ।

Posted By: Daily Suraj Bureau

Latest News