ਰਾਜਨੀਤਿਕ, ਕਿਸਾਨ, ਮਜ਼ਦੂਰ ਤੇ ਧਾਰਮਿਕ ਜਥੇਬੰਦੀਆਂ ਨਾਲ ਤਾਲਮੇਲ ਵਧਾਏਗੀ ‘ਵਾਰਿਸ ਪੰਜਾਬ ਦੇ’ ਦੀ ਕਮੇਟੀ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਪੰਜਾਬ ਦੀਆਂ ਹਮਖਿਆਲੀ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਜਥੇਬੰਦੀਆਂ ਨਾਲ ਤਾਲਮੇਲ ਵਧਾਉਣ ਲਈ ‘ਤਾਲਮੇਲ ਕਮੇਟੀ’ ਦਾ ਗਠਨ ਕੀਤਾ ਹੈ। ਪਾਰਟੀ ਵੱਲੋਂ ਇਹ ਕਦਮ ਕੌਮੀ ਏਕਤਾ ਨੂੰ ਮੱਦੇਨਜ਼ਰ ਰੱਖਦਿਆਂ ਚੁੱਕਿਆ ਗਿਆ ਹੈ।
ਪਾਰਟੀ ਵੱਲੋਂ ਜਾਰੀ ਪੱਤਰ ਅਨੁਸਾਰ ਸੁਖਵਿੰਦਰ ਸਿੰਘ ਅਗਵਾਨ ਨੂੰ ਕਮੇਟੀ ਦਾ ਕੋਆਰਡੀਨੇਟਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਗਟ ਸਿੰਘ ਰਈਆ ਅਤੇ ਪ੍ਰੋ. ਰਣਜੀਤ ਸਿੰਘ ਧਨੋਆ ਨੂੰ ਕਮੇਟੀ ਵਿੱਚ ਮੈਂਬਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਤਾਲਮੇਲ ਕਮੇਟੀ ਪੰਜਾਬ ਦੀਆਂ ਰਾਜਨੀਤਿਕ, ਕਿਸਾਨ, ਮਜ਼ਦੂਰ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਸੰਪਰਕ ਸਥਾਪਿਤ ਕਰਨ ਅਤੇ ਆਪਸੀ ਤਾਲਮੇਲ ਵਧਾਉਣ ਲਈ ਕੰਮ ਕਰੇਗੀ। ਪਾਰਟੀ ਮੁਤਾਬਕ ਕਮੇਟੀ ਦਾ ਉਦੇਸ਼ ਹਮਖਿਆਲੀ ਧਿਰਾਂ ਨਾਲ ਵਿਚਾਰ-ਵਟਾਂਦਰੇ ਨੂੰ ਅੱਗੇ ਵਧਾਉਣਾ ਅਤੇ ਸਾਂਝੇ ਮੁੱਦਿਆਂ ’ਤੇ ਆਪਸੀ ਸਹਿਯੋਗ ਲਈ ਰਾਹ ਤਿਆਰ ਕਰਨਾ ਹੈ।
ਇਸ ਤੋਂ ਇਲਾਵਾ ਤਾਲਮੇਲ ਕਮੇਟੀ ਨੂੰ ਹੋਰਨਾਂ ਧਿਰਾਂ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ਦੇ ਇੱਛੁਕ ਅਹੁਦੇਦਾਰਾਂ ਬਾਰੇ ਵਿਚਾਰ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਕਮੇਟੀ ਵੱਲੋਂ ਅਜਿਹੇ ਅਹੁਦੇਦਾਰਾਂ ਨੂੰ ਹਰ ਪੱਖੋਂ ਵਿਚਾਰਨ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵੀ ਕੀਤੀ ਜਾਵੇਗੀ।
ਪਾਰਟੀ ਨੇ ਆਪਣੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਤਾਲਮੇਲ ਕਮੇਟੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਰਾਹੀਂ ਕੌਮੀ ਏਕਤਾ ਅਤੇ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।