Daily Suraj

ਪੰਜਾਬੀ

ਫ਼ਰੰਟਲਾਈਨ ਨੌਕਰੀਆਂ 'ਚ ਔਰਤਾਂ ਦਾ ਦਬਦਬਾ: 43.5% ਮਹਿਲਾਵਾਂ ਕਰ ਰਹੀਆਂ ਅਪਲਾਈ, ਪਰ ਨਿਯੋਜਕਾਂ ਵੱਲੋਂ ਸਿਰਫ਼ 13% ਨੌਕਰੀਆਂ 'ਚ ਹੀ ਤਰਜੀਹ

21 Sep, 2026 05:42 PM

ਦੇਸ਼ ਵਿੱਚ ਫ਼ਰੰਟਲਾਈਨ (Frontline) ਨੌਕਰੀਆਂ ਦੀ ਭਾਲ ਕਰ ਰਹੀਆਂ ਮਹਿਲਾਵਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬਲੂ-ਕਾਲਰ ਰੁਜ਼ਗਾਰ ਪਲੇਟਫਾਰਮ 'ਵਰਕਇੰਡੀਆ' (WorkIndia) ਦੀ ਤਾਜ਼ਾ 'ਰੋਜ਼ਗਾਰ ਰਿਪੋਰਟ' ਅਨੁਸਾਰ ਫ਼ਰੰਟਲਾਈਨ ਨੌਕਰੀਆਂ ਲਈ ਅਪਲਾਈ ਕਰਨ ਵਾਲੇ ਕੁੱਲ ਉਮੀਦਵਾਰਾਂ ਵਿੱਚ ਹੁਣ 43.5 ਫ਼ੀਸਦੀ ਹਿੱਸੇਦਾਰੀ ਔਰਤਾਂ ਦੀ ਹੋ ਗਈ ਹੈ। ਹਾਲਾਂਕਿ, ਇਸ ਦੇ ਮੁਕਾਬਲੇ ਕੰਪਨੀਆਂ ਅਤੇ ਨਿਯੋਜਕਾਂ (Employers) ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੌਕਰੀਆਂ ਵਿੱਚੋਂ ਸਿਰਫ਼ 13 ਫ਼ੀਸਦੀ ਇਸ਼ਤਿਹਾਰਾਂ ਵਿੱਚ ਹੀ ਵਿਸ਼ੇਸ਼ ਤੌਰ 'ਤੇ ਔਰਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜੋ ਮਹਿਲਾ ਉਮੀਦਵਾਰਾਂ ਦੀ ਮੰਗ ਅਤੇ ਨਿਯੋਜਕਾਂ ਦੀ ਪਹੁੰਚ ਵਿਚਾਲੇ ਵੱਡੇ ਪਾੜੇ ਨੂੰ ਦਰਸਾਉਂਦਾ ਹੈ। ਇਹ ਅੰਕੜਾ ਅਪ੍ਰੈਲ ਤੋਂ ਜੂਨ 2026 ਦਰਮਿਆਨ ਦੇਸ਼ ਦੇ 772 ਸ਼ਹਿਰਾਂ ਅਤੇ 50 ਤੋਂ ਵੱਧ ਫ਼ਰੰਟਲਾਈਨ ਨੌਕਰੀਆਂ ਦੀਆਂ ਸ਼੍ਰੇਣੀਆਂ ਵਿੱਚ 6.5 ਲੱਖ ਤੋਂ ਵੱਧ ਜੌਬ ਪੋਸਟਿੰਗਜ਼ ਅਤੇ 98 ਲੱਖ ਤੋਂ ਵੱਧ ਪ੍ਰਾਪਤ ਅਰਜ਼ੀਆਂ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਹੈ। ਰਿਪੋਰਟ ਮੁਤਾਬਕ ਇੱਕ ਸਾਲ ਪਹਿਲਾਂ ਤੱਕ ਅਪਲਾਈ ਕਰਨ ਵਾਲੀਆਂ ਔਰਤਾਂ ਦੀ ਹਿੱਸੇਦਾਰੀ 40.4 ਫ਼ੀਸਦੀ ਸੀ, ਜੋ ਹੁਣ ਵਧ ਕੇ 43.5 ਫ਼ੀਸਦੀ ਤੱਕ ਪਹੁੰਚ ਗਈ ਹੈ। ਜੂਨ-ਜੁਲਾਈ 2026 ਦਰਮਿਆਨ ਸਾਲਾਨਾ ਆਧਾਰ 'ਤੇ ਨੌਕਰੀਆਂ ਦੀਆਂ ਅਰਜ਼ੀਆਂ ਵਿੱਚ 65 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦਕਿ ਨਵੀਆਂ ਨੌਕਰੀਆਂ ਦੀਆਂ ਪੋਸਟਾਂ (Job Postings) ਵਿੱਚ 40 ਤੋਂ 48 ਫ਼ੀਸਦੀ ਦਾ ਹੀ ਵਾਧਾ ਦੇਖਣ ਨੂੰ ਮਿਲਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਔਰਤਾਂ ਹੁਣ ਰਵਾਇਤੀ ਖੇਤਰਾਂ ਤੋਂ ਬਾਹਰ ਨਿਕਲ ਕੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਆ ਰਹੀਆਂ ਹਨ। ਸਭ ਤੋਂ ਵੱਧ 56 ਲੱਖ ਤੋਂ ਵੱਧ ਅਰਜ਼ੀਆਂ ਸੇਲਜ਼ (Sales) ਖੇਤਰ ਵਿੱਚ ਪ੍ਰਾਪਤ ਹੋਈਆਂ ਹਨ, ਜਿਸ ਵਿੱਚ ਔਰਤਾਂ ਦੀ ਵੱਡੀ ਭਾਗੀਦਾਰੀ ਹੈ। ਇਸ ਤੋਂ ਬਾਅਦ ਦਫ਼ਤਰੀ ਨੌਕਰੀਆਂ, ਟਰੈਵਲ ਅਤੇ ਹੋਸਪਿਟੈਲਿਟੀ ਦਾ ਨੰਬਰ ਆਉਂਦਾ ਹੈ। ਉੱਥੇ ਹੀ, ਬਿਊਟੀਸ਼ੀਅਨ ਦੀਆਂ ਨੌਕਰੀਆਂ ਲਈ 86.6 ਫ਼ੀਸਦੀ ਅਤੇ ਅਧਿਆਪਨ (Teaching) ਲਈ 80.7 ਫ਼ੀਸਦੀ ਅਰਜ਼ੀਆਂ ਮਹਿਲਾਵਾਂ ਵੱਲੋਂ ਆਈਆਂ ਹਨ, ਜੋ ਇਨ੍ਹਾਂ ਖੇਤਰਾਂ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਨੂੰ ਦਰਸਾਉਂਦੀਆਂ ਹਨ। ਇਸ ਤੋਂ ਇਲਾਵਾ ਰਿਪੋਰਟ ਵਿੱਚ ਇੱਕ ਹੋਰ ਮਹੱਤਵਪੂਰਨ ਖ਼ੁਲਾਸਾ ਹੋਇਆ ਹੈ ਕਿ 92 ਫ਼ੀਸਦੀ ਫ਼ਰੰਟਲਾਈਨ ਨੌਕਰੀਆਂ ਲਈ ਅੰਗਰੇਜ਼ੀ ਭਾਸ਼ਾ ਦੀ ਬਹੁਤੀ ਲੋੜ ਨਹੀਂ ਹੈ। ਇਨ੍ਹਾਂ ਵਿੱਚ ਅੰਗਰੇਜ਼ੀ ਦੀ ਬਿਲਕੁਲ ਲੋੜ ਨਹੀਂ ਜਾਂ ਸਿਰਫ਼ ਆਮ ਗੱਲਬਾਤ ਜਿੰਨੀ ਹੀ ਲੋੜ ਹੁੰਦੀ ਹੈ, ਜਿਸ ਨਾਲ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ (ਜਿਵੇਂ ਪੰਜਾਬੀ) ਰਾਹੀਂ ਰੁਜ਼ਗਾਰ ਹਾਸਲ ਕਰਨਾ ਆਸਾਨ ਹੋ ਜਾਂਦਾ ਹੈ। ਵਰਕਇੰਡੀਆ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਨਿਲੇਸ਼ ਡੰਗਰਵਾਲ ਨੇ ਕਿਹਾ ਕਿ ਜੇਕਰ ਕੰਪਨੀਆਂ ਮਹਿਲਾਵਾਂ ਲਈ ਸੁਰੱਖਿਆ, ਕੰਮ ਦੇ ਸਮੇਂ ਵਿੱਚ ਲਚਕਤਾ ਅਤੇ ਵਧੀਆ ਮਾਹੌਲ ਪ੍ਰਦਾਨ ਕਰਨ, ਤਾਂ ਔਰਤਾਂ ਭਾਰਤ ਦੀ ਵਧਦੀ ਫ਼ਰੰਟਲਾਈਨ ਅਰਥਵਿਵਸਥਾ ਦਾ ਸਭ ਤੋਂ ਵੱਡਾ ਸਰੋਤ ਬਣ ਸਕਦੀਆਂ ਹਨ।

Posted By: Daily Suraj Bureau

Latest News