ਥਾਈਲੈਂਡ ਵਿੱਚ ਭਿਆਨਕ ਰੇਲ ਹਾਦਸਾ: ਚੱਲਦੀ ਟ੍ਰੇਨ ’ਤੇ ਡਿੱਗੀ ਕਰੇਨ, 29 ਦੀ ਮੌਤ
ਬੈਂਕਾਕ ਤੋਂ ਉਬੋਨ ਰਤਚਥਾਨੀ ਜਾ ਰਹੀ ਟ੍ਰੇਨ ਦੀਆਂ ਪਟੜੀਆਂ ਤੋਂ ਉਤਰੀਆਂ ਬੋਗੀਆਂ; 64 ਤੋਂ ਵੱਧ ਯਾਤਰੀ ਜ਼ਖ਼ਮੀ ਉੱਤਰ-ਪੂਰਬੀ ਥਾਈਲੈਂਡ ਵਿੱਚ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਵਿਸ਼ਾਲ ਉਸਾਰੀ ਕਰੇਨ (Construction Crane) ਇੱਕ ਚੱਲਦੀ ਪੈਸੇਂਜਰ ਟ੍ਰੇਨ ’ਤੇ ਡਿੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 29 ਲੋਕਾਂ ਦੀ ਮੌਤ ਹੋ ਗਈ ਹੈ ਅਤੇ 64 ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ ਕਿਉਂਕਿ ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਖੋਨ ਰਤਚਾਸਿਮਾ ਸੂਬੇ ਦੇ ਲੋਕ ਸੰਪਰਕ ਵਿਭਾਗ ਅਨੁਸਾਰ, ਇਹ ਕਰੇਨ ਇੱਕ ਐਲੀਵੇਟਿਡ ਹਾਈ-ਸਪੀਡ ਰੇਲਵੇ ਲਾਈਨ ਬਣਾਉਣ ਲਈ ਵਰਤੀ ਜਾ ਰਹੀ ਸੀ। ਜਦੋਂ ਬੈਂਕਾਕ ਤੋਂ ਉਬੋਨ ਰਤਚਥਾਨੀ ਜਾ ਰਹੀ ਟ੍ਰੇਨ ਹਾਦਸੇ ਵਾਲੀ ਜਗ੍ਹਾ ਤੋਂ ਗੁਜ਼ਰ ਰਹੀ ਸੀ, ਤਾਂ ਕਰੇਨ ਅਚਾਨਕ ਸੰਤੁਲਨ ਵਿਗੜਨ ਕਾਰਨ ਟ੍ਰੇਨ ਦੇ ਉੱਪਰ ਜਾ ਡਿੱਗੀ। ਇਸ ਕਾਰਨ ਟ੍ਰੇਨ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਭਿਆਨਕ ਅੱਗ ਲੱਗ ਗਈ। ਬਚਾਅ ਟੀਮਾਂ ਮੌਕੇ ’ਤੇ ਪਹੁੰਚ ਕੇ ਮਲਬੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ। ਸਥਾਨਕ ਪ੍ਰਸ਼ਾਸਨ ਨੇ ਹਾਦਸੇ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਕਿਸੇ ਤਕਨੀਕੀ ਖ਼ਰਾਬੀ ਕਾਰਨ ਹੋਇਆ ਜਾਂ ਸੁਰੱਖਿਆ ਨਿਯਮਾਂ ਦੀ ਅਣਗਹਿਲੀ ਕਾਰਨ।
Posted By: Daily Suraj Bureau