Daily Suraj

ਪੰਜਾਬੀ

ਮੁਹਾਲੀ: ਪਰਲਜ਼ ਗਰੁੱਪ ਦੇ ਪਲਾਟ ਨਗਦ ਖ਼ਰੀਦਣ ਵਾਲਿਆਂ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਲੋਢਾ ਕਮੇਟੀ ਨੂੰ ਕਾਰਵਾਈ ਦੇ ਹੁਕਮ

26 Nov, 2026 10:10 AM

ਪਰਲਜ਼ ਗਰੁੱਪ ਵੱਲੋਂ ਵਿਕਸਤ ਕੀਤੇ ਗਏ ਸੈਕਟਰ 100 ਅਤੇ 104 ਦੇ ਸਬੰਧ ਵਿੱਚ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਤਾਜ਼ਾ ਫ਼ੈਸਲੇ ਨੇ ਬਿਨਾਂ ਕਿਸੇ ਬੈਂਕਿੰਗ ਚੈਨਲ ਦੇ ਨਗਦ ਰਾਸ਼ੀ ਦੇ ਕੇ ਪਲਾਟ ਖ਼ਰੀਦਣ ਵਾਲੇ ਮਕਾਨ ਮਾਲਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦੇਸ਼ ਦੀ ਸਰਵਉੱਚ ਅਦਾਲਤ ਨੇ ਅਜਿਹੇ ਪਲਾਟ ਧਾਰਕਾਂ ਲਈ 'ਕੈਟਾਗਰੀ-4' ਨਿਰਧਾਰਤ ਕਰਦਿਆਂ ਉਨ੍ਹਾਂ ਨੂੰ ਪਲਾਟ ਦਾ ਕਬਜ਼ਾ ਜਾਂ ਪੈਸੇ ਵਾਪਸ ਦਿਵਾਉਣ ਵਰਗੀ ਕੋਈ ਵੀ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਨ੍ਹਾਂ ਖ਼ਰੀਦਦਾਰਾਂ ਨੂੰ ਸਿਰਫ਼ ਹੇਠਲੀ ਅਦਾਲਤ ਵਿੱਚ ਜਾਣ ਦੀ ਛੋਟ ਦਿੱਤੀ ਹੈ, ਜਦਕਿ ਲੋਢਾ ਕਮੇਟੀ ਨੂੰ ਇਨ੍ਹਾਂ ਪਲਾਟਾਂ ਨੂੰ ਖ਼ਾਲੀ ਕਰਾਰ ਦੇ ਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਸੈਕਟਰਾਂ ਵਿੱਚ ਸਾਲ 2016 ਤੋਂ ਬਾਅਦ ਵੱਡੇ ਪੱਧਰ 'ਤੇ ਮਕਾਨਾਂ ਦੀ ਉਸਾਰੀ ਹੋਈ ਹੈ। ਇਸ ਦੌਰਾਨ ਗਮਾਡਾ (GMADA) ਵੱਲੋਂ ਸਾਲ 2024 ਤੱਕ ਨਕਸ਼ੇ ਪਾਸ ਕੀਤੇ ਜਾਂਦੇ ਰਹੇ ਅਤੇ ਬਿਜਲੀ, ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਵੀ ਜਾਰੀ ਹੁੰਦੇ ਰਹੇ। ਇਸ ਅਰਸੇ ਦੌਰਾਨ ਬਾਜ਼ਾਰ ਨਾਲੋਂ ਦਸ ਗੁਣਾ ਸਸਤੇ ਭਾਅ 'ਤੇ ਨਗਦ ਲੈਣ-ਦੇਣ ਰਾਹੀਂ ਹੋਈ ਪਲਾਟਾਂ ਦੀ ਖ਼ਰੀਦੋ-ਫ਼ਰੋਖ਼ਤ ਹੁਣ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਸਥਾਨਕ ਵਾਸੀਆਂ ਨੇ ਪਿਛਲੇ ਦਸ ਸਾਲਾਂ ਦੌਰਾਨ ਹੋਈ ਵਿਕਰੀ ਅਤੇ ਉਸਾਰੀ ਕਾਰਜਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਉਠਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨਿਰਪੱਖ ਜਾਂਚ ਹੋਵੇ ਤਾਂ ਸੈਂਕੜੇ ਕਰੋੜ ਰੁਪਏ ਦਾ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ। ਦੋ ਸਾਲ ਪਹਿਲਾਂ ਲੋਢਾ ਕਮੇਟੀ ਵੱਲੋਂ ਕਰਵਾਈ ਗਈ ਦਸਤਾਵੇਜ਼ਾਂ ਦੀ ਪੜਤਾਲ ਵਿੱਚ ਵੀ ਕਈ ਮਕਾਨਾਂ ਨੂੰ ਅਣ-ਅਧਿਕਾਰਤ ਪਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਅਣ-ਅਧਿਕਾਰਤ ਜਾਇਦਾਦਾਂ ਵਿੱਚ ਕਈ ਪੁਲੀਸ ਅਧਿਕਾਰੀਆਂ, ਪ੍ਰਸ਼ਾਸਨਿਕ ਅਫ਼ਸਰਾਂ ਅਤੇ ਸਿਆਸੀ ਆਗੂਆਂ ਦੇ ਮਕਾਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਪਿਛਲੇ ਸਮੇਂ ਦੌਰਾਨ ਇਨ੍ਹਾਂ ਸੈਕਟਰਾਂ ਅਧੀਨ ਆਉਂਦੇ ਪੰਚਾਇਤੀ ਰਸਤਿਆਂ ਅਤੇ ਕਿਸਾਨਾਂ ਦੀਆਂ ਉਨ੍ਹਾਂ ਜ਼ਮੀਨਾਂ 'ਤੇ ਵੀ ਕਬਜ਼ੇ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਜੋ ਵੇਚੀਆਂ ਨਹੀਂ ਗਈਆਂ ਸਨ। ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਲਾਏ ਵਧਾਈ ਬੋਰਡ ਦੂਜੇ ਪਾਸੇ, ਪਰਲਜ਼ ਸਿਟੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ 100-104 ਦੇ ਪ੍ਰਧਾਨ ਕੁਲਬੀਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਦੀ ਅਗਵਾਈ ਹੇਠ ਦੋਵਾਂ ਸੈਕਟਰਾਂ ਦੀਆਂ ਦਰਜਨ ਤੋਂ ਵੱਧ ਥਾਵਾਂ 'ਤੇ ਹੋਰਡਿੰਗ ਅਤੇ ਫਲੈਕਸ ਬੋਰਡ ਲਗਾਏ ਗਏ ਹਨ। ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੂੰ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਸਮੂਹ ਨਿਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ, ਆਲੇ-ਦੁਆਲੇ ਦੀਆਂ ਪੰਚਾਇਤਾਂ ਅਤੇ ਆਪਣੀ ਜ਼ਮੀਨ ਨਾ ਵੇਚਣ ਵਾਲੇ ਕਿਸਾਨਾਂ ਨੇ ਵੀ ਸੁਪਰੀਮ ਕੋਰਟ ਦੇ ਇਸ ਨਿਰਣੇ ਦਾ ਭਰਵਾਂ ਸਵਾਗਤ ਕੀਤਾ ਹੈ।

Latest News