Daily Suraj

ਪੰਜਾਬੀ

ਫਿਰੌਤੀ ਮਾਮਲੇ ਦੇ ਦੋਸ਼ਾਂ ਵਿਚਾਲੇ ਪੰਜਾਬ ਪੁਲੀਸ ਦੀ ਵੱਡੀ ਕਾਰਵਾਈ, SHO ਪੁਲੀਸ ਲਾਈਨ ਭੇਜੇ

08 Jul, 2026 05:44 PM

ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਵੱਲੋਂ ਫਿਰੌਤੀ ਨਾਲ ਜੁੜੇ ਇੱਕ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਟਾਂਡਾ ਥਾਣੇ ਦੇ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲੀਸ ਨੇ ਤੁਰੰਤ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਹੈ। ਹੁਸ਼ਿਆਰਪੁਰ ਦੇ ਐੱਸ.ਐੱਸ.ਪੀ. ਨੇ ਨਾਗਰਾ ਨੂੰ ਟਾਂਡਾ ਪੁਲੀਸ ਸਟੇਸ਼ਨ ਤੋਂ ਹਟਾ ਕੇ ਪੁਲੀਸ ਲਾਈਨ, ਹੁਸ਼ਿਆਰਪੁਰ ਵਿਖੇ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸੂਤਰਾਂ ਅਨੁਸਾਰ, ਸੋਸ਼ਲ ਮੀਡੀਆ 'ਤੇ ਫਿਰੌਤੀ ਮਾਮਲੇ ਵਿੱਚ ਐੱਸ.ਐੱਚ.ਓ. ਦਾ ਨਾਮ ਚਰਚਾ ਵਿੱਚ ਆਉਣ ਤੋਂ ਬਾਅਦ ਵਿਭਾਗ ਨੇ ਤੁਰੰਤ ਇਹ ਫ਼ੈਸਲਾ ਲਿਆ। ਇਸ ਕਾਰਵਾਈ ਨੂੰ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲੀਸ ਨੇ ਪੂਰੇ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (DIG) ਨੇ ਜਲੰਧਰ ਦਿਹਾਤੀ ਦੇ ਪੁਲੀਸ ਸੁਪਰਡੈਂਟ (ਇਨਵੈਸਟੀਗੇਸ਼ਨ) ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ। ਪੁਲੀਸ ਅਧਿਕਾਰੀਆਂ ਮੁਤਾਬਕ, ਜਾਂਚ ਦੌਰਾਨ ਅਮਰੀਕੀ ਜਾਂਚ ਏਜੰਸੀ FBI ਦੀ ਤਫ਼ਤੀਸ਼ ਵਿੱਚ ਸਾਹਮਣੇ ਆਏ ਦੋਸ਼ਾਂ ਦੀ ਵਿਸਥਾਰ ਨਾਲ ਪੜਤਾਲ ਕੀਤੀ ਜਾਵੇਗੀ। ਜਾਂਚ ਦੌਰਾਨ ਜੋ ਵੀ ਤੱਥ ਅਤੇ ਸਬੂਤ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾਵੇਗੀ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਹੀ ਅਗਲੇ ਫ਼ੈਸਲੇ ਲਏ ਜਾਣਗੇ।

Posted By: Daily Suraj Bureau

Latest News