Daily Suraj

ਪੰਜਾਬੀ

ਧਰਮਕੋਟ ਦੇ ਨਸ਼ਾ ਮੁਕਤੀ ਕੇਂਦਰ ‘ਚ ਦੇਰ ਰਾਤ ਹੰਗਾਮਾ, ਸੁਰੱਖਿਆ ਪ੍ਰਬੰਧਾਂ ‘ਤੇ ਉਠੇ ਸਵਾਲ

21 May, 2026 04:31 PM

ਸਰਕਾਰੀ ਨਸ਼ਾ ਮੁਕਤੀ ਕੇਂਦਰ ਜਨੇਰ ਵਿੱਚ ਦੇਰ ਰਾਤ ਹੰਗਾਮੇ ਦੌਰਾਨ 31 ਮਰੀਜ਼ ਸੁਰੱਖਿਆ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਅਤੇ ਮਾਰਕੁਟਾਈ ਕਰਦੇ ਹੋਏ ਫ਼ਰਾਰ ਹੋ ਗਏ। ਭੱਜਣ ਵਾਲੇ ਸਾਰੇ ਵਿਅਕਤੀ ਕੇਂਦਰ ਵਿੱਚ ਨਸ਼ਾ ਛੁਡਾਉਣ ਲਈ ਇਲਾਜ ਅਧੀਨ ਸਨ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪੁਲੀਸ ਨੇ ਗੰਭੀਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਦੋ ਨਸ਼ੇੜੀਆਂ ਨੂੰ ਵੀ ਇਸ ਕੇਂਦਰ ਵਿੱਚ ਦਾਖ਼ਲ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਹੀ ਹੋਰ ਮਰੀਜ਼ਾਂ ਨੂੰ ਕੇਂਦਰ ਤੋਂ ਭੱਜਣ ਲਈ ਉਕਸਾਇਆ। ਥਾਣਾ ਕੋਟ ਈਸੇ ਖਾਂ ਦੀ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫ਼ਰਾਰ ਹੋਏ ਸਾਰੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭੱਜਣ ਲਈ ਉਕਸਾਉਣ ਵਾਲੇ ਦੋਵਾਂ ਨਸ਼ੇੜੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਘਟਨਾ ਦੌਰਾਨ ਰਾਤ ਕਰੀਬ ਅੱਠ ਵਜੇ ਕੇਂਦਰ ਦੇ ਅੰਦਰੋਂ ਜ਼ੋਰਦਾਰ ਰੌਲਾ ਸੁਣਾਈ ਦਿੱਤਾ। ਜਦੋਂ ਸੁਰੱਖਿਆ ਲਈ ਤਾਇਨਾਤ ਪੁਲੀਸ ਅਤੇ ਪ੍ਰਾਈਵੇਟ ਗਾਰਡਾਂ ਨੇ ਅੰਦਰਲਾ ਗੇਟ ਖੋਲ੍ਹਿਆ ਤਾਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਅਫ਼ਰਾ-ਤਫ਼ਰੀ ਦਾ ਫਾਇਦਾ ਚੁੱਕਦਿਆਂ 31 ਮਰੀਜ਼ ਕੇਂਦਰ ਤੋਂ ਫ਼ਰਾਰ ਹੋ ਗਏ। ਕੇਂਦਰ ਦੇ ਅਮਲੇ ਵੱਲੋਂ ਤੁਰੰਤ ਪੁਲੀਸ ਅਤੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਜਾਣਕਾਰੀ ਮੁਤਾਬਕ ਘਟਨਾ ਸਮੇਂ ਕੇਂਦਰ ਵਿੱਚ ਕੁੱਲ 98 ਮਰੀਜ਼ ਦਾਖ਼ਲ ਸਨ। ਇਸ ਘਟਨਾ ਤੋਂ ਬਾਅਦ ਇਹ ਸਵਾਲ ਵੀ ਉੱਠ ਰਹੇ ਹਨ ਕਿ ਗੰਭੀਰ ਮਾਮਲਿਆਂ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਦਾਖ਼ਲ ਕਰਵਾਉਣ ਦੀ ਪ੍ਰਕਿਰਿਆ ਕਿੰਨੀ ਸੁਰੱਖਿਅਤ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਹੁਣ ਕੇਂਦਰ ਦੀ ਸੁਰੱਖਿਆ ਪ੍ਰਣਾਲੀ ਦਾ ਨਵੇਂ ਸਿਰੇ ਤੋਂ ਮੁਲਾਂਕਣ ਕੀਤਾ ਜਾ ਰਿਹਾ ਹੈ।

Posted By: Daily Suraj Bureau

Latest News