ਰੇਲ ਯਾਤਰੀਆਂ ਲਈ ਵੱਡੀ ਮੁਸ਼ਕਲ: 36 ਦਿਨਾਂ ਤੱਕ ਪ੍ਰਭਾਵਿਤ ਰਹੇਗੀ ਆਵਾਜਾਈ
ਭਾਰਤੀ ਰੇਲਵੇ ਦੇ ਅਪਗ੍ਰੇਡੇਸ਼ਨ ਕੰਮ ਕਾਰਨ ਆਉਣ ਵਾਲੇ 36 ਦਿਨਾਂ ਤੱਕ ਯਾਤਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। 10 ਸਤੰਬਰ ਤੋਂ 15 ਅਕਤੂਬਰ ਤੱਕ ਵੱਖ-ਵੱਖ ਪੜਾਵਾਂ ਵਿੱਚ ਪਾਵਰ ਅਤੇ ਟ੍ਰੈਫਿਕ ਬਲਾਕ ਲਿਆ ਜਾਵੇਗਾ। ਇਸ ਕਾਰਨ ਕੁੱਲ 12 ਟਰੇਨਾਂ ਪੂਰੀ ਤਰ੍ਹਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ 442 ਫੇਰੇ ਪ੍ਰਭਾਵਿਤ ਹੋਣਗੇ। ਇਸ ਤੋਂ ਇਲਾਵਾ ਕਈ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ ਅਤੇ ਕੁਝ ਦੇ ਰੂਟ ਵੀ ਬਦਲੇ ਜਾਣਗੇ। ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਕੁਝ ਟਰੇਨਾਂ ਦੇ ਪਲੇਟਫਾਰਮ ਵੀ ਬਦਲੇ ਜਾਣਗੇ। ਅੰਬਾਲਾ ਕੈਂਟ ਤੱਕ ਸੀਮਿਤ ਟਰੇਨਾਂ ਰਾਮਨਗਰ-ਚੰਡੀਗੜ੍ਹ ਐਕਸਪ੍ਰੈਸ 14, 21, 28 ਸਤੰਬਰ ਅਤੇ 5 ਤੇ 12 ਅਕਤੂਬਰ ਨੂੰ ਸਿਰਫ਼ ਅੰਬਾਲਾ ਕੈਂਟ ਤੱਕ ਹੀ ਚੱਲੇਗੀ। ਇਸੇ ਤਰ੍ਹਾਂ ਅਜਮੇਰ-ਚੰਡੀਗੜ੍ਹ ਐਕਸਪ੍ਰੈਸ ਨੂੰ 11 ਤੋਂ 13 ਅਕਤੂਬਰ ਦੇ ਦੌਰਾਨ ਅੰਬਾਲਾ ਕੈਂਟ ’ਤੇ ਹੀ ਸ਼ਾਰਟ ਟਰਮੀਨੇਟ ਕੀਤਾ ਜਾਵੇਗਾ। ਉਦੈਪੁਰ-ਚੰਡੀਗੜ੍ਹ ਐਕਸਪ੍ਰੈਸ ਵੀ 23 ਸਤੰਬਰ ਤੋਂ 15 ਅਕਤੂਬਰ ਦਰਮਿਆਨ ਕੁਝ ਦਿਨਾਂ ਲਈ ਅੰਬਾਲਾ ਕੈਂਟ ਤੱਕ ਹੀ ਚੱਲੇਗੀ। ਇਸ ਦੌਰਾਨ ਅੰਬਾਲਾ-ਚੰਡੀਗੜ੍ਹ ਸੈਕਸ਼ਨ ਅੰਸ਼ਿਕ ਤੌਰ ’ਤੇ ਰੱਦ ਰਹੇਗਾ। ਰੂਟ ਡਾਇਵਰਸ਼ਨ ਲਾਲਕੁਆਂ-ਅੰਮ੍ਰਿਤਸਰ ਐਕਸਪ੍ਰੈਸ ਨੂੰ 3 ਅਤੇ 10 ਅਕਤੂਬਰ ਨੂੰ ਅੰਬਾਲਾ-ਸਿਰਹਿੰਦ-ਸਾਹਨੇਵਾਲ ਰੂਟ ਰਾਹੀਂ ਚਲਾਇਆ ਜਾਵੇਗਾ। ਇਸ ਕਾਰਨ ਇਹ ਟਰੇਨ ਚੰਡੀਗੜ੍ਹ, ਮੋਹਾਲੀ ਅਤੇ ਨਿਊ ਮੋਰਿੰਡਾ ਸਟੇਸ਼ਨਾਂ ’ਤੇ ਨਹੀਂ ਰੁਕੇਗੀ। ਮੋਹਾਲੀ ਸਟੇਸ਼ਨ ’ਤੇ ਅਸਥਾਈ ਠਹਿਰਾਅ ਯਾਤਰੀਆਂ ਦੀ ਸਹੂਲਤ ਲਈ 10 ਸਤੰਬਰ ਤੋਂ 15 ਅਕਤੂਬਰ ਤੱਕ 8 ਟਰੇਨਾਂ ਨੂੰ ਮੋਹਾਲੀ ਰੇਲਵੇ ਸਟੇਸ਼ਨ ’ਤੇ ਅਸਥਾਈ ਠਹਿਰਾਅ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਸੰਬਲਪੁਰ-ਜੰਮੂਤਵੀ ਐਕਸਪ੍ਰੈਸ, ਟਾਟਾਨਗਰ-ਜੰਮੂਤਵੀ ਐਕਸਪ੍ਰੈਸ, ਆਗਰਾ-ਹੁਸ਼ਿਆਰਪੁਰ ਐਕਸਪ੍ਰੈਸ, ਸਹਰਸਾ-ਅੰਮ੍ਰਿਤਸਰ ਐਕਸਪ੍ਰੈਸ ਅਤੇ ਅੰਮ੍ਰਿਤਸਰ-ਦੇਹਰਾਦੂਨ ਐਕਸਪ੍ਰੈਸ ਸ਼ਾਮਲ ਹਨ। ਰੇਲਵੇ ਦੀ ਸਲਾਹ ਰੇਲਵੇ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਫ਼ਰ ਤੋਂ ਪਹਿਲਾਂ ਆਪਣੀ ਟਰੇਨ ਦੇ ਰੂਟ, ਸਟਾਪੇਜ ਅਤੇ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣ।
Posted By: Daily Suraj Bureau