Daily Suraj

ਪੰਜਾਬੀ

ਸੀਐਨਜੀ ਸਿਲੰਡਰਾਂ ਨਾਲ ਲੋਡ ਟਰੱਕ ਹਾਦਸੇ ਦਾ ਸ਼ਿਕਾਰ, ਇਲਾਕੇ ‘ਚ ਦਹਿਸ਼ਤ

14 Feb, 2026 03:50 PM

ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਖੰਨਾ ਨੇੜੇ ਸੀ.ਐਨ.ਜੀ. (CNG) ਸਿਲੰਡਰਾਂ ਨਾਲ ਭਰਿਆ ਇੱਕ ਟਰੱਕ ਪਲਟ ਗਿਆ। ਹਾਦਸੇ ਤੋਂ ਬਾਅਦ ਕੁਝ ਸਿਲੰਡਰਾਂ ਵਿੱਚੋਂ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਇਸ ਨਾਲ ਇਲਾਕੇ ਵਿੱਚ ਭਾਜੜਾਂ ਪੈ ਗਈਆਂ। ਮਿਲੀ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲਾ ਗੁਰਵਿੰਦਰ ਸਿੰਘ ਸੀ.ਐਨ.ਜੀ. ਸਿਲੰਡਰਾਂ ਨਾਲ ਭਰਿਆ ਟਰੱਕ ਚਲਾ ਰਿਹਾ ਸੀ। ਖੰਨਾ ਵਿੱਚ ਜੀ.ਟੀ. ਰੋਡ ‘ਤੇ ਪਿੰਡ ਲਿਬੜਾ ਦੇ ਕੋਲ ਹਾਈਵੇਅ ‘ਤੇ ਅਚਾਨਕ ਸਾਹਮਣੇ ਇੱਕ ਵਾਹਨ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਟਰੱਕ ਪਲਟਣ ਤੋਂ ਤੁਰੰਤ ਬਾਅਦ ਸਿਲੰਡਰਾਂ ਵਿੱਚੋਂ ਗੈਸ ਰਿਸਣੀ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਮੌਕੇ ‘ਤੇ ਪਹੁੰਚ ਗਈ। ਪਹਿਲ ਦੇ ਆਧਾਰ ‘ਤੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਅਤੇ ਆਵਾਜਾਈ ਨੂੰ ਤੁਰੰਤ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਬੁਲਾਈ ਗਈ, ਜਿਸ ਨੇ ਲੀਕ ਹੋ ਰਹੇ ਸਿਲੰਡਰਾਂ ਨੂੰ ਵੱਖ ਕੀਤਾ। ਸਮੇਂ ਸਿਰ ਬਚਾਅ ਕਾਰਜਾਂ ਕਾਰਨ ਕੋਈ ਵੱਡਾ ਨੁਕਸਾਨ ਹੋਣੋ ਟਲ ਗਿਆ।

Posted By: Daily Suraj Bureau

Latest News