Daily Suraj

ਪੰਜਾਬੀ

ਤਰਨਤਾਰਨ ਸਰਹੱਦੀ ਘੁਸਪੈਠ ਮਾਮਲਾ: ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਤਲਬ ਕਰਕੇ ਦਰਜ ਕਰਵਾਇਆ ਸਖ਼ਤ ਵਿਰੋਧ

03 Oct, 2026 04:39 PM

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਸੀਮਾ ਸੁਰੱਖਿਆ ਬਲ (BSF) ਦੀ ਕਾਰਵਾਈ ਦੌਰਾਨ ਦੋ ਸ਼ੱਕੀ ਪਾਕਿਸਤਾਨੀ ਘੁਸਪੈਠੀਆਂ ਦੇ ਮਾਰੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਵਧ ਗਿਆ ਹੈ। ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਭਾਰਤ ਦੇ ਕਾਰਜਕਾਰੀ ਰਾਜਦੂਤ ਨੂੰ ਤਲਬ ਕਰਕੇ ਇਸ ਘਟਨਾ 'ਤੇ ਆਪਣਾ "ਸਖ਼ਤ ਵਿਰੋਧ" ਦਰਜ ਕਰਵਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਵਿਅਕਤੀ ਆਮ ਨਾਗਰਿਕ ਸਨ। ਭਾਰਤੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਦੁਪਹਿਰ ਤਰਨਤਾਰਨ ਦੇ ਭਿੱਖੀਵਿੰਡ ਖੇਤਰ ਨੇੜੇ ਅੰਤਰਰਾਸ਼ਟਰੀ ਸਰਹੱਦ 'ਤੇ ਵਾਪਰੀ। ਭਿੱਖੀਵਿੰਡ ਦੇ ਡੀ.ਐੱਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਤਿੰਨ ਸ਼ੱਕੀ ਘੁਸਪੈਠੀਏ ਭਾਰਤੀ ਸਰਹੱਦ ਵੱਲ ਵਧ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਚਿਤਾਵਨੀ ਤੋਂ ਬਾਅਦ ਪਾਕਿਸਤਾਨ ਵੱਲ ਪਰਤ ਗਿਆ, ਪਰ ਦੋ ਹੋਰ ਵਿਅਕਤੀ BSF ਜਵਾਨਾਂ ਦੀਆਂ ਵਾਰ-ਵਾਰ ਦਿੱਤੀਆਂ ਚਿਤਾਵਨੀਆਂ ਨੂੰ ਅਣਗੌਲਿਆ ਕਰਕੇ ਲਗਾਤਾਰ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹੇ। BSF ਦੇ ਸੰਤਰੀ ਅਨੁਸਾਰ, ਦੋਵੇਂ ਵਿਅਕਤੀ ਲਗਾਤਾਰ ਉਕਸਾਵੇ ਵਾਲਾ ਰਵੱਈਆ ਅਪਣਾ ਰਹੇ ਸਨ, ਜਿਸ ਤੋਂ ਬਾਅਦ ਮਜਬੂਰਨ ਕੀਤੀ ਗਈ ਗੋਲੀਬਾਰੀ ਵਿੱਚ ਦੋਵੇਂ ਮੌਕੇ 'ਤੇ ਹੀ ਮਾਰੇ ਗਏ। ਘਟਨਾ ਤੋਂ ਬਾਅਦ BSF ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ। ਫਿਲਹਾਲ ਮਾਰੇ ਗਏ ਘੁਸਪੈਠੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ, ਪਾਕਿਸਤਾਨੀ ਅਧਿਕਾਰੀਆਂ ਨੇ BSF ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਮਾਰੇ ਗਏ ਦੋਵੇਂ ਵਿਅਕਤੀ ਘੁਸਪੈਠੀਏ ਨਹੀਂ ਸਨ, ਬਲਕਿ ਸਰਹੱਦੀ ਖੇਤਰ 'ਚ ਘੁੰਮਦੇ ਹੋਏ ਅਣਜਾਣੇ 'ਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਏ ਆਮ ਨਾਗਰਿਕ ਸਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤੀ ਕਾਰਜਕਾਰੀ ਰਾਜਦੂਤ ਨੂੰ ਤਲਬ ਕਰਕੇ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਹੈ। ਪਾਕਿਸਤਾਨੀ ਵਿਦੇਸ਼ ਦਫ਼ਤਰ ਅਨੁਸਾਰ, ਨਿਹੱਥੇ ਨਾਗਰਿਕਾਂ 'ਤੇ ਅਜਿਹੀ ਕਾਰਵਾਈ ਗੈਰ-ਵਾਜਬ ਸੀ। ਪਾਕਿਸਤਾਨ ਨੇ ਭਾਰਤ ਸਰਕਾਰ ਤੋਂ ਇਸ ਪੂਰੀ ਘਟਨਾ ਦੀ ਤੁਰੰਤ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਨਾਲ ਹੀ ਜ਼ਿੰਮੇਵਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਜਾਂਚ ਦੇ ਨਤੀਜੇ ਪਾਕਿਸਤਾਨ ਨਾਲ ਸਾਂਝੇ ਕਰਨ ਦੀ ਅਪੀਲ ਕੀਤੀ ਹੈ।

Latest News