ਹਿਮਾਚਲ ਦੇ ਚੰਬਾ ਵਿੱਚ ਦਰਦਨਾਕ ਹਾਦਸਾ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਦੌਰਾਨ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਮੰਗਲਵਾਰ ਸਵੇਰੇ ਪਠਾਨਕੋਟ-ਚੰਬਾ ਰਾਸ਼ਟਰੀ ਰਾਜਮਾਰਗ 'ਤੇ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰ ਮਾਲਕ ਬਚਨ ਸਿੰਘ, ਉਨ੍ਹਾਂ ਦੇ ਪੁੱਤਰ ਰਿਪਨ, ਨੂੰਹ ਰਿੰਪੀ, ਭਤੀਜੀ ਕੀਰਤੀ ਰਾਣਾ ਅਤੇ ਪੋਤੇ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚ ਇੱਕ ਅੱਠ ਮਹੀਨਿਆਂ ਦਾ ਬੱਚਾ ਅਤੇ ਦੋ ਔਰਤਾਂ ਵੀ ਸ਼ਾਮਲ ਹਨ। ਹਾਦਸੇ ਤੋਂ ਬਾਅਦ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਕਾਰ ਦੇ ਅੰਦਰ ਫਸ ਗਈਆਂ ਸਨ, ਜਿਨ੍ਹਾਂ ਨੂੰ ਬਚਾਅ ਟੀਮਾਂ ਨੇ ਕਾਫ਼ੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ। ਰਿਪੋਰਟਾਂ ਮੁਤਾਬਕ, ਹਾਦਸੇ ਸਮੇਂ ਇਲਾਕੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ। ਸੰਘਣੀ ਧੁੰਦ ਅਤੇ ਫਿਸਲਣ ਵਾਲੀ ਸੜਕ ਕਾਰਨ ਆਲਟੋ ਕਾਰ ਦੇ ਡਰਾਈਵਰ ਦਾ ਵਾਹਨ 'ਤੇ ਕੰਟਰੋਲ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਔਖੇ ਭੂਗੋਲਿਕ ਹਾਲਾਤਾਂ ਕਾਰਨ ਪੁਲਿਸ ਅਤੇ ਬਚਾਅ ਟੀਮਾਂ ਨੂੰ ਹਾਦਸੇ ਵਾਲੀ ਥਾਂ ਤੱਕ ਪਹੁੰਚਣ ਅਤੇ ਰਾਹਤ ਕਾਰਜ ਚਲਾਉਣ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Posted By: Daily Suraj Bureau