Daily Suraj

ਪੰਜਾਬੀ

ਐਸ.ਏ.ਐਸ. ਨਗਰ: 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਭਰਨ 'ਤੇ ਮਿਲੇਗੀ 10 ਫੀਸਦੀ ਛੋਟ, ਨਗਰ ਨਿਗਮ ਦੀ ਸ਼ਹਿਰ ਵਾਸੀਆਂ ਨੂੰ ਅਪੀਲ

24 Sep, 2026 05:59 PM

ਨਗਰ ਨਿਗਮ ਐਸ.ਏ.ਐਸ. ਨਗਰ (ਮੋਹਾਲੀ) ਦੇ ਕਮਿਸ਼ਨਰ ਸ੍ਰੀ ਸੰਦੀਪ ਸਿੰਘ ਗਾੜ੍ਹਾ ਵੱਲੋਂ ਸ਼ਹਿਰ ਵਾਸੀਆਂ ਲਈ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 2026-27 ਦਾ ਪ੍ਰਾਪਰਟੀ ਟੈਕਸ 30 ਸਤੰਬਰ 2026 ਤੱਕ ਜਮ੍ਹਾਂ ਕਰਵਾਉਣ 'ਤੇ ਕਰਦਾਤਾਵਾਂ ਨੂੰ 10 ਫੀਸਦੀ ਦੀ ਉਚੇਚੀ ਰਿਬੇਟ (ਛੋਟ) ਦਿੱਤੀ ਜਾ ਰਹੀ ਹੈ। ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਇਸ ਵਿਸ਼ੇਸ਼ ਛੋਟ ਦਾ ਲਾਭ ਉਠਾਉਣ। 26 ਅਤੇ 27 ਸਤੰਬਰ ਨੂੰ ਵੀ ਖੁੱਲ੍ਹੇਗਾ ਟੈਕਸ ਸ਼ਾਖਾ ਦਫ਼ਤਰ ਪ੍ਰਾਪਰਟੀ ਮਾਲਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮ ਵੱਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਕਮਿਸ਼ਨਰ ਸ੍ਰੀ ਸੰਦੀਪ ਸਿੰਘ ਗਾੜ੍ਹਾ ਨੇ ਦੱਸਿਆ ਕਿ 26 ਸਤੰਬਰ (ਸ਼ਨੀਵਾਰ) ਅਤੇ 27 ਸਤੰਬਰ 2026 (ਐਤਵਾਰ) ਨੂੰ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਸ਼ਾਖਾ ਦਾ ਦਫ਼ਤਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਾ ਰਹੇਗਾ, ਤਾਂ ਜੋ ਆਮ ਲੋਕ ਬਿਨਾਂ ਕਿਸੇ ਖੱਜਲ-ਖੁਆਰੀ ਦੇ ਆਪਣਾ ਟੈਕਸ ਜਮ੍ਹਾਂ ਕਰਵਾ ਸਕਣ। ਨਵੀਂ ਪ੍ਰਾਪਰਟੀ ਆਈ.ਡੀ. ਬਣਾਉਣ ਦੀ ਸੁਵਿਧਾ ਨਗਰ ਨਿਗਮ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਪ੍ਰਾਪਰਟੀ ਮਾਲਕਾਂ ਵੱਲੋਂ ਅਜੇ ਤੱਕ ਆਪਣੀ ਪ੍ਰਾਪਰਟੀ ਆਈ.ਡੀ. (Property ID) ਨਹੀਂ ਬਣਵਾਈ ਗਈ, ਉਹ ਆਪਣੀ ਜਾਇਦਾਦ ਨਾਲ ਸਬੰਧਤ ਲੋੜੀਂਦੇ ਦਸਤਾਵੇਜ਼ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਵਿੱਚ ਜਮ੍ਹਾਂ ਕਰਵਾ ਕੇ ਆਪਣੀ ਆਈ.ਡੀ. ਤਿਆਰ ਕਰਵਾ ਸਕਦੇ ਹਨ। ਉਨ੍ਹਾਂ ਸਮੂਹ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਸਿਰ ਟੈਕਸ ਦੀ ਅਦਾਇਗੀ ਕਰਕੇ 10 ਫੀਸਦੀ ਛੋਟ ਦਾ ਲਾਭ ਪ੍ਰਾਪਤ ਕੀਤਾ ਜਾਵੇ, ਤਾਂ ਜੋ ਇਕੱਤਰ ਕੀਤੀ ਗਈ ਰਾਸ਼ੀ ਦੀ ਵਰਤੋਂ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਵਿੱਚ ਕੀਤੀ ਜਾ ਸਕੇ।

Posted By: Daily Suraj Bureau

Latest News