Daily Suraj

ਪੰਜਾਬੀ

ਫਿਰੋਜ਼ਪੁਰ ਚੋਣ ਨਤੀਜੇ: ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ’ਚ ਆਏ ਅਚਾਨਕ ਰੁਝਾਨ, ਮਾਹਿਰ ਹੈਰਾਨ

18 Dec, 2025 08:04 PM

ਫਿਰੋਜ਼ਪੁਰ ਜ਼ਿਲ੍ਹੇ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਚੋਣ ਨਤੀਜਿਆਂ ਵਿਚ ਕਿਸੇ ਇਕ ਪਾਰਟੀ ਦੀ ਇੱਕਤਰਫਾ ਲਹਿਰ ਦੇਖਣ ਨੂੰ ਨਹੀਂ ਮਿਲੀ, ਸਗੋਂ ਵੱਖ-ਵੱਖ ਜ਼ੋਨਾਂ ਵਿਚ ਵੋਟਰਾਂ ਨੇ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ’ਤੇ ਭਰੋਸਾ ਜਤਾਇਆ ਹੈ।

ਜ਼ਿਲ੍ਹਾ ਪਰਿਸ਼ਦ ਫਿਰੋਜ਼ਪੁਰ ਜ਼ੋਨ ਦੇ ਨਤੀਜਿਆਂ ਵਿਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਿਸ ਨੇ 6 ਸੀਟਾਂ ’ਤੇ ਕਬਜ਼ਾ ਕੀਤਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ 4 ਸੀਟਾਂ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ ਨਾਲ ਸਬਰ ਕਰਨਾ ਪਿਆ, ਜਦਕਿ 2 ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ। ਪੰਚਾਇਤ ਸਮਿਤੀ ਚੋਣਾਂ ਦੇ ਨਤੀਜੇ ਕਾਫੀ ਦਿਲਚਸਪ ਰਹੇ ਹਨ, ਜਿਨ੍ਹਾਂ ’ਚ ਫਿਰੋਜ਼ਪੁਰ ਜ਼ੋਨ ਵਿਚ ‘ਆਪ’ ਨੇ 7 ਸੀਟਾਂ ਜਿੱਤ ਕੇ ਲੀਡ ਬਣਾਈ ਹੈ। ਕਾਂਗਰਸ ਨੂੰ 5, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ 2-2 ਸੀਟਾਂ ਮਿਲੀਆਂ ਹਨ।

ਘੱਲਖੁਰਦ ਜ਼ੋਨ ਵਿਚ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਿੱਥੇ 10 ਆਜ਼ਾਦ ਉਮੀਦਵਾਰ ਜੇਤੂ ਰਹੇ। ਇੱਥੇ ‘ਆਪ’ ਨੂੰ 3, ਕਾਂਗਰਸ ਨੂੰ 2 ਅਤੇ ਅਕਾਲੀ ਦਲ ਨੂੰ 4 ਸੀਟਾਂ ਮਿਲੀਆਂ, ਜਦਕਿ 4 ਉਮੀਦਵਾਰ ਨਿਰਵਿਰੋਧ ਚੁਣੇ ਗਏ। ਮਮਦੋਟ ਜ਼ੋਨ ਵਿਚ ‘ਆਪ’ ਨੇ 8 ਸੀਟਾਂ ਨਾਲ ਬੜ੍ਹਤ ਬਣਾਈ, ਜਦਕਿ ਕਾਂਗਰਸ ਅਤੇ ਅਕਾਲੀ ਦਲ 6-6 ਸੀਟਾਂ ’ਤੇ ਬਰਾਬਰ ਰਹੇ। ਗੁਰੂਹਰਸਹਾਏ ਵਿਚ ਕਾਂਗਰਸ 6 ਸੀਟਾਂ ਨਾਲ ਅੱਗੇ ਰਹੀ ਅਤੇ ‘ਆਪ’ ਨੂੰ 5 ਸੀਟਾਂ ਮਿਲੀਆਂ। ਇਨ੍ਹਾਂ ਚੋਣਾਂ ਵਿਚ ਜ਼ੀਰਾ ਅਤੇ ਮੱਖੂ ਖੇਤਰ ਚਰਚਾ ਦਾ ਵਿਸ਼ਾ ਬਣੇ ਰਹੇ। ਜ਼ੀਰਾ ਵਿਚ 18 ਉਮੀਦਵਾਰ ਨਿਰਵਿਰੋਧ ਜੇਤੂ ਕਰਾਰ ਦਿੱਤੇ ਗਏ। ਇਸੇ ਤਰ੍ਹਾਂ ਮਖੂ ਵਿਚ ਵੀ 15 ਉਮੀਦਵਾਰਾਂ ਦੀ ਚੋਣ ਨਿਰਵਿਰੋਧ ਹੋਈ।

Posted By: Daily Suraj Bureau

Latest News