Daily Suraj

ਪੰਜਾਬੀ

‘ਫੁੱਲ ਤੇ ਤੋਹਫ਼ੇ’ ਵੀ ਨਾ ਬਚਾ ਸਕੇ ਰੀਡਰ ਰਾਣਾ ਨੂੰ, CBI ਅਦਾਲਤ ਨੇ ਅਗਾਊਂ ਜ਼ਮਾਨਤ ਕੀਤੀ ਰੱਦ

23 May, 2026 05:48 PM

ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਰੀਡਰ ਓਪੀ ਰਾਣਾ ਨਾਲ ਜੁੜੇ ਮਾਮਲੇ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ ਦਲੀਲਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਰੀਡਰ ਰਾਣਾ ਵੱਲੋਂ ਆਪਣੇ ਬਚਾਅ ਲਈ “ਫੁੱਲ ਤੇ ਤੋਹਫ਼ੇ” ਦੀ ਖ਼ਰੀਦਦਾਰੀ ਦਾ ਹਵਾਲਾ ਦਿੱਤਾ ਗਿਆ, ਪਰ ਇਹ ਤਰਕ ਅਦਾਲਤ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਅਤੇ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ। ਅਦਾਲਤ ਵਿੱਚ ਬਚਾਅ ਪੱਖ ਵੱਲੋਂ ਦਲੀਲ ਦਿੱਤੀ ਗਈ ਕਿ 11 ਮਈ ਨੂੰ ਜਦੋਂ ਸੀਬੀਆਈ ਨੇ ਮਲੋਟ ਦੇ ਵਿਕਾਸ ਗੋਇਲ, ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਜੇਡਬਲਿਊ ਮੈਰੀਅਟ ਹੋਟਲ ਵਿੱਚ 13 ਲੱਖ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨਾਂ ਸਮੇਤ ਕਾਬੂ ਕੀਤਾ, ਉਸ ਸਮੇਂ ਓਪੀ ਰਾਣਾ ‘ਸ਼ਾਮ ਫੈਸ਼ਨ ਮਾਲ’ ਵਿੱਚ ਖ਼ਰੀਦਦਾਰੀ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਫੁੱਲਾਂ ਦੀ ਦੁਕਾਨ ਤੋਂ ਫੁੱਲ ਵੀ ਖਰੀਦ ਰਿਹਾ ਸੀ। ਬਚਾਅ ਪੱਖ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਖ਼ਰੀਦਦਾਰੀ ਤੋਂ ਬਾਅਦ ਰਾਣਾ ਨੇ ਸੈਕਟਰ-7 ਸਥਿਤ ਹੋਟਲ ਮਾਲੇਸ਼ਵਰਮ ਵਿੱਚ ਇੱਕ ਰਿਸ਼ਤੇਦਾਰ ਦੀ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਣਾ ਸੀ। ਰਾਣਾ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਫੁੱਲਾਂ ਦੀ ਦੁਕਾਨ ਦੀ ਵੀਡੀਓ ਮੌਜੂਦ ਹੈ ਅਤੇ ਜੇ ਕੋਈ ਵਿਅਕਤੀ ਡਰ ਕਰਕੇ ਭੱਜ ਰਿਹਾ ਹੋਵੇ ਤਾਂ ਉਹ ਇੰਨੀ ਆਰਾਮ ਨਾਲ ਖ਼ਰੀਦਦਾਰੀ ਨਹੀਂ ਕਰ ਸਕਦਾ। ਅਦਾਲਤ ਵਿੱਚ ‘ਸ਼ਾਮ ਫੈਸ਼ਨ ਮਾਲ’ ਦਾ ਬਿੱਲ ਵੀ ਪੇਸ਼ ਕੀਤਾ ਗਿਆ। ਹਾਲਾਂਕਿ ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ ਜਿਸ ‘ਸ਼ਾਮ ਫੈਸ਼ਨ ਮਾਲ’ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਮੈਰੀਅਟ ਹੋਟਲ ਦੇ ਬਿਲਕੁਲ ਨੇੜੇ ਸਥਿਤ ਹੈ, ਜਿੱਥੇ ਟਰੈਪ ਲਗਾਇਆ ਗਿਆ ਸੀ। ਏਜੰਸੀ ਨੇ ਦਲੀਲ ਦਿੱਤੀ ਕਿ ਇਸ ਭੂਗੋਲਿਕ ਸਥਿਤੀ ਤੋਂ ਇਹ ਸਾਬਤ ਹੁੰਦਾ ਹੈ ਕਿ ਰਾਣਾ ਘਟਨਾ ਵਾਲੇ ਇਲਾਕੇ ਦੇ ਆਸਪਾਸ ਮੌਜੂਦ ਸੀ ਅਤੇ ਕਾਰਵਾਈ ਦਾ ਪਤਾ ਲੱਗਣ ਤੋਂ ਬਾਅਦ ਫਰਾਰ ਹੋ ਗਿਆ। ਸੀਬੀਆਈ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਟਰੈਪ ਕਾਰਵਾਈ ਤੋਂ ਬਾਅਦ ਟੀਮ ਨੇ ਸੈਕਟਰ 23-ਡੀ ਸਥਿਤ ਰਾਣਾ ਦੇ ਘਰ ’ਤੇ ਵੀ ਛਾਪੇਮਾਰੀ ਕੀਤੀ ਸੀ। ਉਸ ਵੇਲੇ ਰਾਣਾ ਦੇ ਪੁੱਤਰ ਹਰਸ਼ ਰਾਣਾ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਸੀਬੀਆਈ ਟੀਮ ਦੇ ਪਹੁੰਚਣ ਦੀ ਜਾਣਕਾਰੀ ਦਿੱਤੀ ਅਤੇ ਘਰ ਆਉਣ ਲਈ ਕਿਹਾ। ਜਵਾਬ ਵਿੱਚ ਰਾਣਾ ਨੇ ਸੈਕਟਰ-7 ਵਿੱਚ ਇੱਕ ਰਿਸ਼ਤੇਦਾਰ ਦੀ ਪਾਰਟੀ ਵਿੱਚ ਜਾਣ ਦੀ ਗੱਲ ਕਹੀ। ਅਦਾਲਤੀ ਰਿਕਾਰਡ ਅਨੁਸਾਰ, ਰਾਣਾ ਦੀ ਪਤਨੀ ਨੀਨਾ ਰਾਣਾ ਨੇ ਵੀ ਸੀਬੀਆਈ ਟੀਮ ਨੂੰ ਦੱਸਿਆ ਕਿ ਉਸਦੇ ਪਤੀ ਘਰ ਦੇ ਪਿਛਲੇ ਹਿੱਸੇ ਵਿੱਚ ਮੌਜੂਦ ਹਨ। ਪਰ ਜਦੋਂ ਟੀਮ ਉੱਥੇ ਪਹੁੰਚੀ ਤਾਂ ਰਾਣਾ ਨਹੀਂ ਮਿਲਿਆ। ਮੌਕੇ ’ਤੇ ਉਸਦਾ ਡਰਾਈਵਰ ਪੰਕਜ ਚੋਪੜਾ ਘਬਰਾਏ ਹੋਏ ਹਾਲਤ ਵਿੱਚ ਮਿਲਿਆ, ਜਿਸ ਨੇ ਦੱਸਿਆ ਕਿ ਰਾਣਾ ਗੱਡੀ ਵਿੱਚੋਂ ਉਤਰ ਕੇ ਕਿਸੇ ਪ੍ਰਾਈਵੇਟ ਵਾਹਨ ਵਿੱਚ ਚਲਾ ਗਿਆ ਸੀ। ਟੀਮ ਨੇ ਸੈਕਟਰ-7 ਦੇ ਹੋਟਲ ਵਿੱਚ ਵੀ ਜਾਂਚ ਕੀਤੀ, ਪਰ ਉੱਥੇ ਵੀ ਰਾਣਾ ਨਹੀਂ ਮਿਲਿਆ। ਅਦਾਲਤ ਨੇ ਆਪਣੇ ਫੈਸਲੇ ਵਿੱਚ ਇਹ ਵੀ ਦਰਜ ਕੀਤਾ ਕਿ ‘ਸ਼ਾਮ ਫੈਸ਼ਨ ਮਾਲ’ ਦਾ ਬਿੱਲ ਰਾਣਾ ਦੇ ਨਾਮ ’ਤੇ ਨਹੀਂ ਸੀ। ਸੁਣਵਾਈ ਤੋਂ ਬਾਅਦ ਸੀਬੀਆਈ ਅਦਾਲਤ ਨੇ ਓਪੀ ਰਾਣਾ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਇਸ ਮਾਮਲੇ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਸਾਹਮਣੇ ਆਈ ਕਿ ਓਪੀ ਰਾਣਾ ਕਥਿਤ ਤੌਰ ’ਤੇ ਬਿਨਾਂ ਸਰਕਾਰੀ ਹੁਕਮਾਂ ਦੇ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਕੰਮ ਕਰ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਉਸਦੇ ਆਖ਼ਰੀ ਅਧਿਕਾਰਕ ਆਰਡਰ 29 ਜੁਲਾਈ 2020 ਨੂੰ ਏਡੀਜੀਪੀ ਟਰੈਫਿਕ ਐੱਸ ਐੱਸ ਚੌਹਾਨ ਨਾਲ ਰੀਡਰ ਵਜੋਂ ਜਾਰੀ ਹੋਏ ਸਨ। ਰਿਕਾਰਡ ਵਿੱਚ ਉਹ ਏਡੀਜੀਪੀ ਟਰੈਫਿਕ ਦਾ ਰੀਡਰ ਦਰਜ ਹੈ, ਜਦਕਿ ਹਕੀਕਤ ਵਿੱਚ ਉਹ ਵਿਜੀਲੈਂਸ ਮੁਖੀ ਨਾਲ ਤਾਇਨਾਤ ਸੀ। ਪੰਜਾਬ ਸਰਕਾਰ ਨੇ 18 ਮਈ ਨੂੰ ਉਸ ਨੂੰ ਮੁਅੱਤਲ ਕਰ ਦਿੱਤਾ ਸੀ।

Posted By: Daily Suraj Bureau

Latest News