ਅਮਰੀਕਾ ਨੇ ਰੂਸੀ ਝੰਡੇ ਵਾਲੇ ਤੇਲ ਟੈਂਕਰ ਨੂੰ ਕਬਜ਼ੇ ਵਿੱਚ ਲਿਆ
ਵਾਸ਼ਿੰਗਟਨ: ਅਮਰੀਕਾ ਨੇ ਰੂਸੀ ਝੰਡੇ ਹੇਠ ਚੱਲ ਰਹੇ ਇੱਕ ਤੇਲ ਟੈਂਕਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਅੰਤਰਰਾਸ਼ਟਰੀ ਪਾਬੰਦੀਆਂ ਦੀ ਸੰਭਾਵਿਤ ਉਲੰਘਣਾ ਅਤੇ ਤੇਲ ਵਪਾਰ ਨਾਲ ਜੁੜੀਆਂ ਗੈਰਕਾਨੂੰਨੀ ਸਰਗਰਮੀਆਂ ਦੇ ਸ਼ੱਕ ਦੇ ਚਲਦਿਆਂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟੈਂਕਰ ਦੀ ਗਤੀਵਿਧੀਆਂ ’ਤੇ ਕਾਫ਼ੀ ਸਮੇਂ ਤੋਂ ਨਿਗਰਾਨੀ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਇਹ ਸ਼ੱਕ ਮਜ਼ਬੂਤ ਹੋਇਆ ਕਿ ਜਹਾਜ਼ ਰਾਹੀਂ ਐਸਾ ਤੇਲ ਲਿਜਾਇਆ ਜਾ ਰਿਹਾ ਸੀ ਜੋ ਅਮਰੀਕੀ ਅਤੇ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਪਾਬੰਦੀਆਂ ਦੇ ਦਾਇਰੇ ’ਚ ਆਉਂਦਾ ਹੈ। ਇਸ ਤੋਂ ਬਾਅਦ ਟੈਂਕਰ ਨੂੰ ਰੋਕ ਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ। ਰੂਸੀ ਪੱਖ ਵੱਲੋਂ ਇਸ ਕਦਮ ’ਤੇ ਹਾਲੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ, ਪਰ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਘਟਨਾ ਨਾਲ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਹੋਰ ਵੱਧ ਸਕਦਾ ਹੈ। ਖ਼ਾਸ ਤੌਰ ’ਤੇ ਯੂਕਰੇਨ ਯੁੱਧ ਅਤੇ ਊਰਜਾ ਵਪਾਰ ਨੂੰ ਲੈ ਕੇ ਪਹਿਲਾਂ ਹੀ ਸੰਬੰਧ ਤਣਾਅਪੂਰਨ ਹਨ। ਮਾਹਿਰਾਂ ਅਨੁਸਾਰ, ਇਹ ਕਦਮ ਅਮਰੀਕਾ ਵੱਲੋਂ ਇਹ ਸਪਸ਼ਟ ਸੰਕੇਤ ਹੈ ਕਿ ਉਹ ਰੂਸ ਖ਼ਿਲਾਫ਼ ਲਗਾਈਆਂ ਗਈਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮੂਡ ਵਿੱਚ ਹੈ ਅਤੇ ਸਮੁੰਦਰੀ ਰਾਹਾਂ ਰਾਹੀਂ ਹੋਣ ਵਾਲੇ ਤੇਲ ਵਪਾਰ ’ਤੇ ਵੀ ਕੜੀ ਨਜ਼ਰ ਰੱਖੀ ਜਾਵੇਗੀ।
Posted By: Daily Suraj Bureau