Daily Suraj

ਪੰਜਾਬੀ

ਪੰਜਾਬ ਵਿਧਾਨ ਸਭਾ ਵਿੱਚ E20 ਪੈਟਰੋਲ 'ਤੇ ਗਰਮਾਈ ਚਰਚਾ, CM ਮਾਨ ਨੇ ਕੇਂਦਰ ਨੂੰ ਘੇਰਿਆ

04 Aug, 2026 04:54 PM

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਈਥਾਨੋਲ ਮਿਲੇ E20 ਪੈਟਰੋਲ ਨੂੰ ਲੈ ਕੇ ਅਹਿਮ ਚਰਚਾ ਹੋਈ। ਇਸ ਦੌਰਾਨ ਸੂਬਾ ਸਰਕਾਰ ਵੱਲੋਂ E20 ਸਬੰਧੀ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ E20 ਨੂੰ ਬਿਨਾਂ ਕਿਸੇ ਵਿਸਤ੍ਰਿਤ ਅਧਿਐਨ ਅਤੇ ਮਾਹਿਰਾਂ ਦੀ ਸਲਾਹ ਤੋਂ ਲੋਕਾਂ 'ਤੇ ਲਾਗੂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਫ਼ੈਸਲਾ ਪੂਰੀ ਵਿਗਿਆਨਕ ਜਾਂ ਤਕਨੀਕੀ ਜਾਂਚ ਤੋਂ ਬਿਨਾਂ ਲਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਸਰਵੇਖਣ ਅਨੁਸਾਰ E20 ਦੀ ਵਰਤੋਂ ਕਾਰਨ 67 ਫ਼ੀਸਦੀ ਵਾਹਨਾਂ ਦੀ ਮਾਈਲੇਜ ਵਿੱਚ ਕਮੀ ਆਈ ਹੈ, ਜਦਕਿ 45 ਫ਼ੀਸਦੀ ਵਾਹਨਾਂ ਦੇ ਇੰਜਣ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ 'ਤੇ ਵਾਧੂ ਆਰਥਿਕ ਬੋਝ ਪੈਂਦਾ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਵਿੱਚ ਵੀ ਮੰਨਿਆ ਹੈ ਕਿ E20 ਪੈਟਰੋਲ ਦੀ ਵਰਤੋਂ ਨਾਲ ਵਾਹਨਾਂ ਦੀ ਮਾਈਲੇਜ ਘਟਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਕਦਮ ਅਮਰੀਕਾ ਨਾਲ ਹੋਈ ਵੱਡੀ ਵਪਾਰਕ ਡੀਲ ਅਤੇ ਕਾਰਪੋਰੇਟ ਕੰਪਨੀਆਂ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ। ਮੁੱਖ ਮੰਤਰੀ ਨੇ ਮੰਗ ਕੀਤੀ ਕਿ ਲੋਕਾਂ ਨੂੰ ਸ਼ੁੱਧ ਪੈਟਰੋਲ ਅਤੇ E20 ਵਿੱਚੋਂ ਆਪਣੀ ਪਸੰਦ ਦਾ ਵਿਕਲਪ ਚੁਣਨ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ E20 ਪੈਟਰੋਲ ਦੀਆਂ ਕੀਮਤਾਂ ਤੁਰੰਤ ਘਟਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ 'ਤੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇਗੀ, ਤਾਂ ਜੋ ਲੋਕਾਂ ਦੇ ਹੱਕਾਂ ਅਤੇ ਉਨ੍ਹਾਂ ਦੇ ਆਰਥਿਕ ਹਿਤਾਂ ਦੀ ਰੱਖਿਆ ਕੀਤੀ ਜਾ ਸਕੇ।

Posted By: Daily Suraj Bureau

Latest News