Daily Suraj

ਪੰਜਾਬੀ

ਭਾਰਤੀ ਹਵਾਈ ਸੈਨਾ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਰੋਡਮੈਪ ਤਿਆਰ ਕਰਨ ਦਾ ਦਾਅਵਾ

03 Oct, 2025 07:24 PM

ਭਾਰਤੀ ਹਵਾਈ ਸੈਨਾ ਦੇ ਮੁਖੀ ਅਮਰ ਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਈ ਵਿਚ ਅਪਰੇਸ਼ਨ ਸਿੰਧੂਰ ਦੌਰਾਨ ਗੁਆਂਢੀ ਮੁਲਕ ਨਾਲ ਹੋਏ ਫੌਜੀ ਟਕਰਾਅ ਦੌਰਾਨ ਭਾਰਤ ਨੇ ਪਾਕਿਸਤਾਨ ਦੇ ਐੱਫ16 ਤੇ ਐੱਫ17 ਵਰਗ ਦੇ ਪੰਜ ਲੜਾਕੂ ਜਹਾਜ਼ ਤਬਾਹ ਕੀਤੇ ਸਨ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਹਮਲੇ ਦੌਰਾਨ ਪਾਕਿਸਤਾਨ ਦੀ ਰਡਾਰ ਪ੍ਰਣਾਲੀ, ਕਮਾਂਡ ਤੇ ਕੰਟਰੋਲ ਸੈਂਟਰ, ਰਨਵੇਅ ਤੇ ਹੈਂਗਰ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ।

ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਭਾਰਤ ਨੇ ਆਪਰੇਸ਼ਨ ਸਿੰਧੂਰ ਇਕ ਸਪਸ਼ਟ ਉਦੇਸ਼ ਨਾਲ ਸ਼ੁਰੂ ਕੀਤਾ ਸੀ ਤੇ ਇਸ ਨੂੰ ਜਲਦੀ ਹੀ ਖਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੁੱਲ ਆਲਮ ਭਾਰਤ ਤੋਂ ਟਕਰਾਅ ਖਤਮ ਕਰਨ ਬਾਰੇ ਸਬਕ ਸਿੱਖ ਸਕਦਾ ਹੈ। ਆਈਏਐੱਫ ਮੁਖੀ ਨੇ ਕਿਹਾ, ‘‘ਆਪ੍ਰੇਸ਼ਨ ਸਿੰਧੂਰ ਤਿੰਨਾਂ ਸੇਵਾਵਾਂ ਦੇ ਤਾਲਮੇਲ ਦਾ ਪ੍ਰਤੀਬਿੰਬ ਸੀ।’’


ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਹਵਾਈ ਸੈਨਾ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਰੋਡਮੈਪ ਤਿਆਰ ਕੀਤਾ ਹੈ। ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰਨ ਲਈ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਮਹੱਤਵਪੂਰਨ ਹੈ। ਤਿੰਨਾਂ ਸੈਨਾਵਾਂ ਨੇ ਸੁਦਰਸ਼ਨ ਚੱਕਰ ਹਵਾਈ ਰੱਖਿਆ ਪ੍ਰਣਾਲੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।”


ਉਨ੍ਹਾਂ ਕਿਹਾ ਕਿ S-400 ਹਵਾਈ ਰੱਖਿਆ ਪ੍ਰਣਾਲੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ, ਅਤੇ ਅਜਿਹੀਆਂ ਹੋਰ ਪ੍ਰਣਾਲੀਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਨੂੰ ਪ੍ਰਤੀ ਸਾਲ ਆਪਣੇ ਬੇੜੇ ਵਿੱਚ ਲਗਪਗ 30-40 ਜਹਾਜ਼ ਜੋੜਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉੱਤਰੀ ਸਰਹੱਦ ਦੇ ਅੱਗੇ ਵਾਲੇ ਖੇਤਰਾਂ ਵਿੱਚ ਨਵੇਂ ਏਅਰਬੇਸ ਅਤੇ ਹੋਰ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ।

Posted By: Daily Suraj Bureau

Latest News