Daily Suraj

ਪੰਜਾਬੀ

ਡਿਪੋਰਟੇਸ਼ਨ ਦੇ ਖ਼ਿਲਾਫ਼ ਕਾਨੂੰਨੀ ਲੜਾਈ ਜਾਰੀ, ਅਦਾਲਤ ਦਾ ਫੈਸਲਾ ਬਾਕੀ

22 Apr, 2026 11:39 AM

ਅਮਰੀਕਾ ਵਿੱਚ ਰਹਿ ਰਹੀ ਇੱਕ ਪੰਜਾਬੀ ਮੂਲ ਦੀ ਔਰਤ ਨੂੰ 35 ਸਾਲਾਂ ਬਾਅਦ ਅਚਾਨਕ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਿਫਤਾਰ ਕੀਤੀ ਗਈ ਔਰਤ ਦੀ ਪਹਿਚਾਣ ਮੀਨੂ ਬੱਤਰਾ ਵਜੋਂ ਹੋਈ ਹੈ, ਜਿਸ ‘ਤੇ ਹੁਣ ਡਿਪੋਰਟ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਜਾਣਕਾਰੀ ਮੁਤਾਬਕ, ਮੀਨੂ ਬੱਤਰਾ ਟੈਕਸਾਸ ਵਿੱਚ ਅਦਾਲਤੀ ਦੁਭਾਸ਼ੀਏ ਵਜੋਂ ਕੰਮ ਕਰ ਰਹੀ ਸੀ ਅਤੇ 17 ਮਾਰਚ ਤੋਂ ਟੈਕਸਾਸ ਦੀ ਜੇਲ੍ਹ ਵਿੱਚ ਬੰਦ ਹੈ। ਅਮਰੀਕੀ ਇਮੀਗ੍ਰੇਸ਼ਨ ਏਜੰਸੀ ਉਸਨੂੰ ਦੇਸ਼ ਨਿਕਾਲਾ ਦੇਣ ‘ਤੇ ਅਡਿੱਗ ਹੈ, ਜਦਕਿ ਉਸਦੇ ਵਕੀਲ ਵੱਖ-ਵੱਖ ਕਾਨੂੰਨੀ ਦਲੀਲਾਂ ਦੇ ਆਧਾਰ ‘ਤੇ ਉਸਨੂੰ ਡਿਪੋਰਟ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ਵਿੱਚ ਅਦਾਲਤ ਵੱਲੋਂ ਸਰਕਾਰ ਨੂੰ 21 ਅਪ੍ਰੈਲ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਸੀ। ਸਰਕਾਰ ਨੇ ਟੈਕਸਾਸ ਦੀ ਅਦਾਲਤ ਵਿੱਚ ਆਪਣਾ ਜਵਾਬ ਪੇਸ਼ ਕਰ ਦਿੱਤਾ ਹੈ, ਪਰ ਅਜੇ ਤੱਕ ਅਦਾਲਤ ਨੇ ਡਿਪੋਰਟੇਸ਼ਨ ਬਾਰੇ ਕੋਈ ਅੰਤਿਮ ਹੁਕਮ ਜਾਰੀ ਨਹੀਂ ਕੀਤਾ। ਮੀਨੂ ਬੱਤਰਾ ‘ਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਅਤੇ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿਣ ਦੇ ਦੋਸ਼ ਲੱਗੇ ਹਨ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਖ਼ਿਲਾਫ਼ ਵਿਆਪਕ ਦੇਸ਼ ਨਿਕਾਲਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਹੀ ਉਸਦੀ ਗ੍ਰਿਫਤਾਰੀ ਕੀਤੀ ਗਈ ਦੱਸੀ ਜਾ ਰਹੀ ਹੈ। ਹਾਲਾਂਕਿ, ਮੀਨੂ ਬੱਤਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਨੂੰ “ਵਾਪਸ ਭੇਜਣ ‘ਤੇ ਰੋਕ” ਨਾਲ ਸੰਬੰਧਿਤ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ। ਅਦਾਲਤ ਵੱਲੋਂ ਪਹਿਲਾਂ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਉਸਨੂੰ ਭਾਰਤ ਡਿਪੋਰਟ ਨਹੀਂ ਕੀਤਾ ਜਾ ਸਕਦਾ। ਉਹ ਅਮਰੀਕਾ ਵਿੱਚ ਕੰਮ ਜਾਰੀ ਰੱਖ ਸਕਦੀ ਹੈ, ਪਰ ਉਸਨੂੰ ਗ੍ਰੀਨ ਕਾਰਡ ਪ੍ਰਾਪਤ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਮੀਨੂ ਬੱਤਰਾ ਟੈਕਸਾਸ ਦੀ ਇੱਕ ਅਦਾਲਤ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਲਈ ਇਕਲੌਤੀ ਅਦਾਲਤੀ ਦੁਭਾਸ਼ੀਆ ਹੈ। ਉਹ ਪਿਛਲੇ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ। ਉਸਦਾ ਵੱਡਾ ਪੁੱਤਰ ਅਮਰੀਕੀ ਫੌਜ ਵਿੱਚ ਅਧਿਕਾਰੀ ਵਜੋਂ ਸੇਵਾ ਨਿਭਾ ਰਿਹਾ ਹੈ।

Posted By: Daily Suraj Bureau

Latest News