ਸਹਾਰਾ ਫਾਊਂਡੇਸ਼ਨ ਨੇ ਰੇਲਵੇ ਸਟੇਸ਼ਨ ਤੇ ਮਨਾਇਆ ਗਣਤੰਤਰ ਦਿਵਸ
ਸੰਗਰੂਰ, (ਜਗਸੀਰ ਲੌਂਗੋਵਾਲ)-77 ਵਾਂ ਗਣਤੰਤਰ ਦਿਵਸ ਸਥਾਨਕ ਰੇਲਵੇ ਸਟੇਸ਼ਨ ਵਿਖੇ ਸਹਾਰਾ ਫਾਊਂਡੇਸ਼ਨ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੇਲਵੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ, ਦੇਸ਼ ਦੀ ਆਨ ਬਾਨ ਸ਼ਾਨ ਤਿਰੰਗੇ ਝੰਡੇ ਨੂੰ ਸਲੂਟ ਕਰਦੇ ਹੋਏ ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ ਤੇ ਮਾਰਚ ਕੀਤਾ। ਯਾਤਰੀਆਂ ਨੂੰ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਅਤੇ ਪੰਕਜ ਬਾਵਾ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਲਿਖਿਆ ਗਿਆ ਸਾਡੇ ਦੇਸ਼ ਦਾ ਸੰਵਿਧਾਨ ਅੱਜ ਦੇ ਦਿਨ ਲਾਗੂ ਹੋਇਆ ਸੀ ਜਿਸ ਵਿੱਚ ਹਰ ਵਰਗ ਲਈ ਬਰਾਬਰ ਕਾਨੂੰਨ ਬਣਾਏ ਗਏ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਹਰ ਕੰਮ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰੀਏ। ਸਹਾਰਾ ਮੈਡੀਕਲ ਵਿੰਗ ਦੇ ਡਾਇਰੈਕਟਰ ਡਾ. ਦਿਨੇਸ਼ ਗਰੋਵਰ, ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗੋਲਡੀ ਅਤੇ ਡਾ. ਸੁਮਿੰਦਰ ਸਿੰਘ ਡਾਇਰੈਕਟਰ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਹਰ ਕਾਨੂੰਨ, ਹਰ ਨਿਯਮ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦਾ ਹੈ ਇਸ ਲਈ ਸਾਨੂੰ ਚੰਗੇ ਨਾਗਰਿਕ ਹੋਣ ਦੇ ਨਾਤੇ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਹਰ ਕੰਮ ਅਨੁਸ਼ਾਸਨ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ। ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਅਤੇ ਗੁਰਤੇਜ ਖੇਤਲਾ ਮੀਡੀਆ ਇੰਚਾਰਜ ਨੇ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਡੇ ਦੇਸ਼ ਨੂੰ ਅਜ਼ਾਦ ਕਰਵਾਇਆ ਅਸੀਂ ਅੱਜ ਉਹਨਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਕਰਕੇ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਅਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਮਨਜੀਤਪਾਲ ਸਿੰਘ ਬਿੱਟੂ, ਬਾਬੂ ਲਾਲ ਰੰਗਾਂ, ਮੁਕੇਸ਼ ਗਰਗ, ਪੂਰਨ ਚੰਦ ਸ਼ਰਮਾ, ਹਰਮਨਦੀਪ ਸਿੰਘ ਨੇ ਵੱਖ ਵੱਖ ਸੇਵਾਵਾਂ ਰਾਹੀਂ ਸਹਿਯੋਗ ਦਿੱਤਾ। ਪੁਲਿਸ ਲਾਈਨ ਦੀ ਹੋਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਸਹਾਰਾ ਦੇ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਗੋਲਡੀ ਨੂੰ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਸਰਕਾਰ ਵੱਲੋਂ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੀ ਹਾਜ਼ਰੀ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
Posted By: Daily Suraj Bureau