Daily Suraj

ਪੰਜਾਬੀ

ਕਾਂਗਰਸ ਵੱਲੋਂ ਭਾਜਪਾ ਆਗੂਆਂ ਦੇ ਪੁਤਲੇ ਫੂਕੇ, ਪੰਜਾਬ ਵਿਰੋਧੀ ਬਿਆਨਾਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਪੰਜਾਬੀਆਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ: ਕੁਲਵੰਤ ਰਾਏ ਸਿੰਗਲਾ

19 Jun, 2026 05:07 PM

( ਜਗਰਾਜ ਸਿੰਘ ਚਹਿਲ)-ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਪੰਜਾਬੀਆਂ ਪ੍ਰਤੀ ਕੀਤੀਆਂ ਗਈਆਂ ਅਪਮਾਨਜਨਕ ਅਤੇ ਵਿਵਾਦਤ ਟਿੱਪਣੀਆਂ ਦੇ ਵਿਰੋਧ ਵਿੱਚ ਅੱਜ ਮਾਨਸਾ ਸ਼ਹਿਰ ਦੇ ਬਾਰਾਂ ਹੱਟਾ ਚੌਂਕ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੀ ਅਗਵਾਈ ਹੇਠ ਇੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਪੰਜਾਬ ਪ੍ਰੇਮੀਆਂ ਨੇ ਭਾਜਪਾ ਦੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਕਥਿਤ ਘਟੀਆ ਸੋਚ ਖ਼ਿਲਾਫ਼ ਆਪਣਾ ਰੋਸ ਪ੍ਰਗਟਾਇਆ। ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸ਼ਾਨ, ਸਨਮਾਨ ਅਤੇ ਅਸਮਿਤਾ ਨਾਲ ਜੁੜੇ ਮਾਮਲਿਆਂ ’ਤੇ ਕਿਸੇ ਵੀ ਤਰ੍ਹਾਂ ਦੀ ਅਪਮਾਨਜਨਕ ਟਿੱਪਣੀ ਨੂੰ ਸੂਬੇ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਸਮੇਂ-ਸਮੇਂ ’ਤੇ ਪੰਜਾਬ ਅਤੇ ਪੰਜਾਬੀਆਂ ਬਾਰੇ ਦਿੱਤੇ ਜਾਂਦੇ ਬਿਆਨ ਉਨ੍ਹਾਂ ਦੀ ਸੂਬੇ ਪ੍ਰਤੀ ਨਕਾਰਾਤਮਕ ਅਤੇ ਪੱਖਪਾਤੀ ਸੋਚ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ, ਸਰਹੱਦਾਂ ਦੀ ਰੱਖਿਆ, ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਅਜਿਹੇ ਵਿੱਚ ਪੰਜਾਬੀਆਂ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਨਾ ਸਿਰਫ਼ ਨਿੰਦਣਯੋਗ ਹਨ, ਸਗੋਂ ਸਮਾਜਿਕ ਸਦਭਾਵਨਾ ਲਈ ਵੀ ਹਾਨੀਕਾਰਕ ਹਨ। ਸਿੰਗਲਾ ਨੇ ਕਿਹਾ ਕਿ ਜਤਿੰਦਰ ਪਾਲ ਮਲਹੋਤਰਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਗੰਭੀਰ ਢੰਗ ਨਾਲ ਠੇਸ ਪਹੁੰਚਾਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੇ ਕੁਝ ਆਗੂ ਜਾਣਬੁੱਝ ਕੇ ਅਜਿਹੇ ਬਿਆਨ ਦੇ ਕੇ ਲੋਕਾਂ ਵਿੱਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਦੇ ਹੱਕਾਂ, ਪੰਜਾਬੀਅਤ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਸੰਘਰਸ਼ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਆਗੂਆਂ ਵੱਲੋਂ ਪੰਜਾਬ ਵਿਰੋਧੀ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਰਿਹਾ ਤਾਂ ਕਾਂਗਰਸ ਪਾਰਟੀ ਸੂਬਾ ਪੱਧਰ ’ਤੇ ਹੋਰ ਵੀ ਵੱਡੇ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ। ਰੋਸ ਪ੍ਰਦਰਸ਼ਨ ਉਨ੍ਹਾਂ ਮੰਗ ਕੀਤੀ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਅਤੇ ਸਮਾਜਿਕ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਜਿਹੇ ਬਿਆਨਾਂ ਲਈ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ, ਪਰ ਕਿਸੇ ਵੀ ਭਾਈਚਾਰੇ, ਖੇਤਰ ਜਾਂ ਸੂਬੇ ਦੇ ਲੋਕਾਂ ਦੀ ਬੇਇੱਜ਼ਤੀ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕੀਤਾ ਹੈ। ਪੰਜਾਬੀਆਂ ਨੇ ਹਰ ਮੁਸ਼ਕਲ ਸਮੇਂ ਵਿੱਚ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਇਸ ਲਈ ਪੰਜਾਬੀਆਂ ਦੇ ਸਵੈਮਾਣ ਅਤੇ ਸਨਮਾਨ ’ਤੇ ਹਮਲਾ ਕਰਨ ਵਾਲੇ ਕਿਸੇ ਵੀ ਬਿਆਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਬਾਰਾਂ ਹੱਟਾ ਚੌਂਕ ਵਿੱਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਵਿਰੋਧੀ ਨਾਅਰੇ ਲਗਾਏ ਗਏ ਅਤੇ ਪੰਜਾਬ ਦੇ ਸਨਮਾਨ ਦੀ ਰੱਖਿਆ ਲਈ ਇਕਜੁੱਟ ਰਹਿਣ ਦਾ ਸੱਦਾ ਦਿੱਤਾ ਗਿਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੋਧ ਦੀ ਬਜਾਏ ਪੰਜਾਬ ਅਤੇ ਪੰਜਾਬੀਆਂ ਦੀ ਇੱਜ਼ਤ ਦੀ ਰੱਖਿਆ ਲਈ ਕੀਤਾ ਗਿਆ ਹੈ। ਅੰਤ ਵਿੱਚ ਕੁਲਵੰਤ ਰਾਏ ਸਿੰਗਲਾ ਨੇ ਸਮੂਹ ਕਾਂਗਰਸੀ ਵਰਕਰਾਂ, ਸਮਾਜਿਕ ਸੰਸਥਾਵਾਂ ਅਤੇ ਪੰਜਾਬ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਵੱਡੀ ਸ਼ਮੂਲੀਅਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਆਪਣੇ ਸੂਬੇ ਅਤੇ ਆਪਣੀ ਪਛਾਣ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਅਪਮਾਨਜਨਕ ਸੋਚ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਣਖ, ਸਵੈਮਾਣ ਅਤੇ ਏਕਤਾ ਦੀ ਰੱਖਿਆ ਲਈ ਅਜਿਹੇ ਸੰਘਰਸ਼ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਅਜੀਤ ਇੰਦਰ ਸਿੰਘ ਮੋਫਰ, ,ਅਰਸ਼ਦੀਪ ਸਿੰਘ ਗਗੋਵਾਲ , ਗੁਰਪ੍ਰੀਤ ਸਿੰਘ ਵਿੱਕੀ , ਸੁਰੇਸ਼ ਕੁਮਾਰ ਨੰਦਗੜੀਆ ,ਮਨਦੀਪ ਗੋਰਾ ,ਚਮਕੌਰ ਸਿੰਘ ਮੂਸਾ, ਨਰੋਤਮ ਚਾਹਿਲ , ਬਲਵਿੰਦਰ ਨਾਰੰਗ, ਮਨਜੀਤ ਸਿੰਘ ਰਾਣਾ, ਮੱਖਣ ਸ਼ਰਮਾ ਸਵਰਨ ਸਿੰਘ ਖੁਡਾਲ ਸੁਮਿਤ ਗਰਗ ਗੁਰਪ੍ਰੀਤ ਸਿੱਧੂ ਪਿਰਤਪਾਲ ਡਾਲੀ, ਚੰਦਰ ਸ਼ੇਖਰ ਨੰਦੀ, ਬਲਵੀਰ ਸਿੰਘ ਦੰਦੀਵਾਲ , ਸੁਦਰਸ਼ਨ ਸਿੰਘ ਖਾਰਾ ,ਜਤਿੰਦਰ ਕੁਮਾਰ ਆਗਰਾ , ਸਿਮਰਨਜੀਤ ਸਿੰਘ ਮਾਨਸ਼ਾਹੀਆ , ਹਰਵਿੰਦਰ ਭਾਰਦਵਾਜ ਰਾਧੇ ਸ਼ਿਆਮ ਮੂਸਾ ਕੁੱਕਾ ਜੀ ਹਰਪ੍ਰਰੀਤ ਸਿੰਘ ਪਿਆਰੀ ਗੁਰਸ਼ਰਨ ਸਿੰਘ ਮਾਝਾ ਵਿਨੋਦ ਸਿੰਗਲਾ ਭੀਖੀ, ਲਾਜਪਤ ਸ਼ਰਮਾ , ਰਵੀ ਰੁਪਾਲ ,ਬਲਕਰਨ ਸਿੰਘ ਬੱਲੀ, ਪ੍ਰਿਤਪਾਲ ਮੌਂਟੀ ਸ਼ਰਮਾ, ਜ਼ਿੰਮੀ ਗੋਇਲ, ਕੁਲਵੀਰ ਸਿੰਘ ਮਾਨ ਰਮੇਸ਼ ਭੰਮੇ ਸੰਦੀਪ ਸੀ ਜੀਜੇ ਫ਼ੌਜੀ ਮਨਜੀਤ ਕੌਰ ਦੀਪਾ ਸਿੰਘ ਸੰਦੀਪ ਮਹਿਤਾ ਅਮਰੀਕ ਸਿੰਘ ਪਵਨ ਕੁਮਾਰ ਸੰਦੀਪ ਸ਼ਰਮਾ ਚਮਕੌਰ ਸਿੰਘ ਠੇਕੇਦਾਰ,ਹਰਵਿੰਦਰ ਕੌਰ ਸਿੱਧੂ ਪ੍ਰਧਾਨ ਮਹਿਲਾ ਕਾਂਗਰਸ ਜਗਦੇਵ ਸਿੰਘ ਭਗਵਾਨ ਸਿੰਘ ਐੱਮਸੀ ਸਰੋਜ ਰਾਣੀ ਕਮਲ ਚੁਣਿਆ ਰਜੀਆ ਬਲਵਿੰਦਰ ਮੋਫਰ ਆਲਮਗੀਰ ਸਿੰਘ ਸ਼ਿੰਗਾਰਾ ਸਿੰਘ ਬਲਬੀਰ ਸਿੰਘ ਨਿੱਕਾ ਪਾਲਾ ਸਿੰਘ ਹਾਜਰ ਸਨ , ਜਿਨ੍ਹਾਂ ਨੇ ਇੱਕਜੁੱਟ ਹੋ ਕੇ ਪੰਜਾਬ ਵਿਰੋਧੀ ਬਿਆਨਾਂ ਦਾ ਡਟਵਾਂ ਵਿਰੋਧ ਕੀਤਾ।

Posted By: Daily Suraj Bureau

Latest News