ਹਵਾਈ ਯਾਤਰਾ ਦੌਰਾਨ ਮੌਤ ’ਤੇ ਵੱਧ ਮੁਆਵਜ਼ਾ, ਸਰਕਾਰ ਨੇ ਨਿਯਮ ਕੀਤੇ ਸਖ਼ਤ
ਭਾਰਤ ਸਰਕਾਰ ਨੇ ਹਵਾਈ ਯਾਤਰਾ ਦੌਰਾਨ ਯਾਤਰੀਆਂ ਦੀ ਮੌਤ ਜਾਂ ਸਰੀਰਕ ਨੁਕਸਾਨ ਦੇ ਮਾਮਲਿਆਂ ਵਿੱਚ ਏਅਰਲਾਈਨਾਂ ਦੀ ਦੇਣਦਾਰੀ ਨੂੰ ਨਿਰਧਾਰਤ ਕਰਨ ਵਾਲੇ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਤਹਿਤ ਮੁਆਵਜ਼ੇ ਦੀ ਉੱਚਤਮ ਸੀਮਾ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੋਰ ਕਈ ਸ਼੍ਰੇਣੀਆਂ ਵਿੱਚ ਵੀ ਨਵੇਂ ਪ੍ਰਾਵਧਾਨ ਲਾਗੂ ਕੀਤੇ ਗਏ ਹਨ। ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ 1 ਅਪਰੈਲ 2026 ਨੂੰ ਜਾਰੀ ਕੀਤਾ ਗਿਆ ਹੈ, ਜਿਸ ਨਾਲ Carriage by Air Act, 1972 ਦੇ ਤੀਜੇ ਸ਼ਡਿਊਲ ਵਿੱਚ ਦਰਜ ਦੇਣਦਾਰੀ ਸੀਮਾਵਾਂ ਨੂੰ ਅਪਡੇਟ ਕੀਤਾ ਗਿਆ ਹੈ। ਇਹ ਨਿਯਮ ਯਾਤਰਾ ਦੌਰਾਨ ਮੌਤ, ਸੱਟ, ਸਾਮਾਨ ਦੇ ਗੁੰਮ ਹੋਣ, ਫਲਾਈਟ ਦੇਰੀ ਅਤੇ ਕਾਰਗੋ ਨੁਕਸਾਨ ਨਾਲ ਸੰਬੰਧਿਤ ਮੁਆਵਜ਼ੇ ’ਤੇ ਲਾਗੂ ਹੁੰਦੇ ਹਨ। ਸਰਕਾਰ ਅਨੁਸਾਰ ਇਹ ਸੋਧ 28 ਦਸੰਬਰ 2024 ਤੋਂ ਪਿਛਲੀ ਤਰੀਕ ਤੋਂ ਪ੍ਰਭਾਵੀ ਮੰਨੀ ਜਾਵੇਗੀ। ਇਸ ਤਹਿਤ ਉਹ ਸਾਰੇ ਯਾਤਰੀ ਲਾਭ ਲੈ ਸਕਣਗੇ ਜਿਨ੍ਹਾਂ ਨੇ ਇਸ ਮਿਤੀ ਤੋਂ ਬਾਅਦ ਕਿਸੇ ਵੀ ਸ਼੍ਰੇਣੀ ਹੇਠ ਨੁਕਸਾਨ ਝੱਲਿਆ ਹੈ। ਨਵੇਂ ਨਿਯਮਾਂ ਅਨੁਸਾਰ, ਯਾਤਰੀ ਦੀ ਮੌਤ ਜਾਂ ਸਰੀਰਕ ਸੱਟ ਦੇ ਮਾਮਲੇ ਵਿੱਚ ਗਾਰੰਟੀਸ਼ੁਦਾ ਮੁਆਵਜ਼ੇ ਦੀ ਸੀਮਾ 1,28,821 SDR ਤੋਂ ਵਧਾ ਕੇ 1,51,880 SDR ਕਰ ਦਿੱਤੀ ਗਈ ਹੈ, ਜੋ ਲਗਭਗ 17.9 ਫੀਸਦੀ ਵਾਧਾ ਹੈ। ਅਨੁਮਾਨਿਤ ਰੂਪ ਵਿੱਚ ਇਹ ਰਕਮ ਕਰੀਬ 1.43 ਕਰੋੜ ਰੁਪਏ ਤੋਂ ਵਧ ਕੇ ਲਗਭਗ 1.69 ਕਰੋੜ ਰੁਪਏ ਪ੍ਰਤੀ ਯਾਤਰੀ ਹੋ ਜਾਂਦੀ ਹੈ। ਫਲਾਈਟ ਵਿੱਚ ਦੇਰੀ ਕਾਰਨ ਹੋਣ ਵਾਲੇ ਨੁਕਸਾਨ ਲਈ ਮੁਆਵਜ਼ਾ ਸੀਮਾ ਵੀ ਵਧਾ ਕੇ 5,346 SDR ਤੋਂ 6,303 SDR ਕਰ ਦਿੱਤੀ ਗਈ ਹੈ, ਜੋ ਕਰੀਬ 5.95 ਲੱਖ ਰੁਪਏ ਤੋਂ ਵਧ ਕੇ ਲਗਭਗ 7 ਲੱਖ ਰੁਪਏ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਚੈੱਕ-ਇਨ ਜਾਂ ਕੈਬਿਨ ਬੈਗੇਜ਼ ਦੇ ਗੁੰਮ ਹੋਣ, ਨੁਕਸਾਨ ਜਾਂ ਦੇਰੀ ਨਾਲ ਮਿਲਣ ਦੀ ਸਥਿਤੀ ਵਿੱਚ ਮੁਆਵਜ਼ੇ ਦੀ ਸੀਮਾ 1,288 SDR ਤੋਂ ਵਧਾ ਕੇ 1,519 SDR ਕਰ ਦਿੱਤੀ ਗਈ ਹੈ, ਜੋ ਕਰੀਬ 1.43 ਲੱਖ ਰੁਪਏ ਤੋਂ ਵਧ ਕੇ ਤਕਰੀਬਨ 1.69 ਲੱਖ ਰੁਪਏ ਪ੍ਰਤੀ ਯਾਤਰੀ ਹੋ ਜਾਂਦੀ ਹੈ। ਹਵਾਈ ਕਾਰਗੋ ਦੇ ਮਾਮਲੇ ਵਿੱਚ ਵੀ ਮੁਆਵਜ਼ੇ ਦੀ ਸੀਮਾ ਵਧਾ ਕੇ 22 SDR ਤੋਂ 26 SDR ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ, ਜੋ ਗੁੰਮ ਜਾਂ ਖਰਾਬ ਸਾਮਾਨ ’ਤੇ ਲਾਗੂ ਹੋਵੇਗੀ। ਇਹ ਨਵੀਆਂ ਸੋਧਾਂ International Monetary Fund ਵੱਲੋਂ ਨਿਰਧਾਰਤ ਸਪੈਸ਼ਲ ਡਰਾਇੰਗ ਰਾਈਟਸ (SDR) ਦੇ ਅਧਾਰ ’ਤੇ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਰੋਜ਼ਾਨਾ ਮੁਦਰਾ ਦਰਾਂ ਦੇ ਅਨੁਸਾਰ ਬਦਲਦੀ ਰਹਿੰਦੀ ਹੈ।
Posted By: Daily Suraj Bureau