Daily Suraj

ਪੰਜਾਬੀ

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਵੀਰਵਾਰ ਨੂੰ ਪੰਜਾਬ ਬੰਦ: ਸੂਬੇ ਭਰ ਵਿੱਚ ਸੜਕਾਂ ਜਾਮ, ਐਮਰਜੈਂਸੀ ਵਾਹਨਾਂ ਨੂੰ ਛੋਟ

15 Oct, 2026 09:36 AM

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪਰਿਵਾਰ ਵੱਲੋਂ ਦਿੱਤੇ ਗਏ ਸੱਦੇ ਤਹਿਤ ਵੀਰਵਾਰ ਸਵੇਰੇ 6 ਵਜੇ 'ਪੰਜਾਬ ਬੰਦ' ਸ਼ੁਰੂ ਹੋ ਗਿਆ। ਇਸ ਦੌਰਾਨ ਸੂਬੇ ਭਰ ਵਿੱਚ ਕਈ ਥਾਵਾਂ 'ਤੇ ਕਿਸਾਨਾਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ, ਪ੍ਰਦਰਸ਼ਨਕਾਰੀ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਨਿਰਵਿਘਨ ਲੰਘਣ ਦੀ ਪੂਰੀ ਇਜਾਜ਼ਤ ਦੇ ਰਹੇ ਹਨ। ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਰੱਖਿਆ ਗਿਆ ਹੈ। ਝੋਟਾ ਦੇ ਪਿਤਾ ਅਤੇ ਸਾਬਕਾ ਫ਼ੌਜੀ ਭੀਮ ਸਿੰਘ ਨੇ ਸਵੇਰੇ ਇੱਕ ਨਵੀਂ ਅਪੀਲ ਕਰਦਿਆਂ ਇਨਸਾਫ਼ ਪਸੰਦ ਲੋਕਾਂ ਨੂੰ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪਿਛਲੇ ਕੁਝ ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਪਏ ਮੀਂਹ ਅਤੇ ਗੜੇਮਾਰੀ ਦੇ ਬਾਵਜੂਦ ਬੰਦ ਨੂੰ ਸਫ਼ਲ ਬਣਾਉਣ ਦੀ ਬੇਨਤੀ ਕੀਤੀ ਹੈ। ਕਈ ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਵਪਾਰਕ ਸੰਗਠਨਾਂ ਨੇ ਇਸ ਬੰਦ ਨੂੰ ਭਰਵਾਂ ਸਮਰਥਨ ਦਿੱਤਾ ਹੈ, ਜਦਕਿ ਕਈ ਨਿੱਜੀ ਵਿਦਿਅਕ ਅਦਾਰਿਆਂ ਨੇ ਵੀ ਅੱਜ ਲਈ ਛੁੱਟੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਮਾਲਵਾ ਦੇ ਕੁਝ ਜ਼ਿਲ੍ਹਿਆਂ ਵਿੱਚ ਸਵੇਰੇ 8 ਵਜੇ ਤੱਕ ਬੰਦ ਦਾ ਅਸਰ ਮੱਧਮ ਦੇਖਣ ਨੂੰ ਮਿਲਿਆ। ਇਸ ਦੌਰਾਨ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਅਜੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪਈ ਹੈ ਅਤੇ ਪਰਿਵਾਰ ਨੇ ਅਜੇ ਤੱਕ ਪੋਸਟਮਾਰਟਮ ਲਈ ਸਹਿਮਤੀ ਨਹੀਂ ਦਿੱਤੀ ਹੈ। ਇਨਸਾਫ਼ ਦੀ ਮੰਗ ਲਈ ਬਣੀ ਐਕਸ਼ਨ ਕਮੇਟੀ ਨੇ ਲੋਕਾਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਨਾਲ ਸਖ਼ਤੀ ਕੀਤੀ ਜਾਵੇ। ਪਰਿਵਾਰ ਅਤੇ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ ਵਿੱਚ ਮੁੱਖ ਮੰਤਰੀ ਅਤੇ ਡੀਜੀਪੀ ਦਾ ਅਸਤੀਫ਼ਾ, ਕਤਲ ਦੀ ਸੀਬੀਆਈ ਜਾਂਚ, ਸਬੰਧਤ ਜ਼ਿਲ੍ਹਾ ਡਰੱਗ ਇੰਸਪੈਕਟਰ, ਐਸਐਸਪੀ, ਡੀਐਸਪੀ ਅਤੇ ਐਸਐਚਓ ਨੂੰ ਬਰਖ਼ਾਸਤ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਉਹ ਪੀਜੀਆਈਐਮਈਆਰ (PGIMER), ਚੰਡੀਗੜ੍ਹ ਦੇ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਉਣ ਅਤੇ ਹਿਰਾਸਤ ਵਿੱਚ ਲਏ ਗਏ ਲੋਕਾਂ ਦੀ ਰਿਹਾਈ ਦੀ ਵੀ ਮੰਗ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ਮਾਨਸਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ 'ਤੇ ਨਸ਼ਿਆਂ ਨੂੰ ਲੈ ਕੇ ਕੈਮਿਸਟ ਨਾਲ ਹੋਈ ਬਹਿਸ ਦੌਰਾਨ ਪਰਵਿੰਦਰ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਝੋਟਾ ਦੇ ਫੇਸਬੁੱਕ ਪੇਜ 'ਤੇ ਲਾਈਵ ਸਟ੍ਰੀਮ ਹੋਈ ਸੀ, ਜਿਸ ਨਾਲ ਪੂਰੇ ਸੂਬੇ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਇਸ ਦੌਰਾਨ ਚਾਰ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਸਨ। ਪੁਲੀਸ ਨੇ ਮੁੱਖ ਮੁਲਜ਼ਮ ਅਤੇ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਬੁੱਧਵਾਰ ਨੂੰ ਭੜਕੀ ਭੀੜ ਨੇ ਮੁਲਜ਼ਮ ਦੀ ਦੁਕਾਨ ਨੂੰ ਢਾਹ ਕੇ ਅੱਗ ਲਗਾ ਦਿੱਤੀ ਸੀ, ਜਦਕਿ ਸਿਵਲ ਪ੍ਰਸ਼ਾਸਨ ਨੇ ਗ਼ੈਰ-ਕਾਨੂੰਨੀ ਉਸਾਰੀ ਦੀ ਪੁਰਾਣੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਉਸ ਦੇ ਘਰ ਦਾ ਅਗਲਾ ਹਿੱਸਾ ਵੀ ਢਾਹ ਦਿੱਤਾ ਸੀ। ਉਧਰ, ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਚੱਲ ਰਹੇ ਧਰਨੇ ਵਾਲੀ ਥਾਂ 'ਤੇ ਮੀਂਹ ਦਾ ਪਾਣੀ ਭਰ ਜਾਣ ਕਾਰਨ ਟੈਂਟ ਅਤੇ ਦਰੀਆਂ ਗੰਧਲੇ ਪਾਣੀ ਵਿੱਚ ਤਰ ਗਈਆਂ ਹਨ। ਐਕਸ਼ਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਭਾਈ ਭੀਮ ਸਿੰਘ ਫ਼ੌਜੀ ਨੇ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਪਾਣੀ ਤੁਰੰਤ ਕੱਢਣ ਦੀ ਅਪੀਲ ਕੀਤੀ ਹੈ ਤਾਂ ਜੋ ਦਿਨ ਵੇਲੇ ਧਰਨੇ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਿਆ ਜਾ ਸਕੇ।

Latest News