Daily Suraj

ਪੰਜਾਬੀ

CBSE ਵੱਲੋਂ ਉੱਤਰ-ਪੱਤਰੀਆਂ ਦੀ ਆਨ ਸਕਰੀਨ ਮਾਰਕਿੰਗ ਦਾ ਫ਼ੈਸਲਾ

10 Feb, 2026 07:41 AM

ਡਿਜੀਟਲ ਢੰਗ ਨਾਲ ਚੈੱਕ ਹੋਣਗੇ ਇਸ ਸਾਲ ਤੋਂ ਬਾਰ੍ਹਵੀਂ ਜਮਾਤ ਦੇ ਪੇਪਰ; ਦਸਵੀਂ ਜਮਾਤ ਦੇ ਪੇਪਰ ਆਨ ਸਕਰੀਨ ਦੀ ਥਾਂ ਪਹਿਲਾਂ ਵਾਲੇ ਢੰਗ ਨਾਲ ਚੈੱਕ ਹੋਣਗੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਅਹਿਮ ਬਦਲਾਅ ਕੀਤਾ ਹੈ। ਬੋਰਡ ਵੱਲੋਂ 12ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦੇ ਮੁਲਾਂਕਣ ਲਈ ਹੁਣ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਅਪਣਾਈ ਜਾਵੇਗੀ। ਇਸ ਨਵੇਂ ਸਿਸਟਮ ਤਹਿਤ ਅਧਿਆਪਕ ਕਾਗਜ਼ੀ ਪੈਨ ਦੀ ਥਾਂ ਕੰਪਿਊਟਰ ਸਕਰੀਨ ’ਤੇ ਡਿਜੀਟਲ ਢੰਗ ਨਾਲ ਪੇਪਰ ਚੈੱਕ ਕਰਨਗੇ। ਹਾਲਾਂਕਿ, 10ਵੀਂ ਜਮਾਤ ਲਈ ਪ੍ਰਕਿਰਿਆ ਫਿਲਹਾਲ ਪੁਰਾਣੇ ਤਰੀਕੇ ਨਾਲ ਹੀ ਚੱਲਦੀ ਰਹੇਗੀ। ਜਾਣਕਾਰੀ ਅਨੁਸਾਰ ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਪੱਤਰ ਜਾਰੀ ਕਰਦਿਆਂ ਦੱਸਿਆ ਕਿ ਇਸ ਕਦਮ ਦਾ ਮੁੱਖ ਮਕਸਦ ਪ੍ਰੀਖਿਆ ਦੇ ਨਤੀਜਿਆਂ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਹੁਣ ਬਾਰ੍ਹਵੀਂ ਜਮਾਤ ਦੀ ਜਾਂਚ ਡਿਜੀਟਲ ਢੰਗ ਨਾਲ ਹੋਵੇਗੀ ਜਿਸ ਨਾਲ ਗਲਤੀਆਂ ਦੀ ਗੁੰਜਾਇਸ਼ ਖ਼ਤਮ ਹੋ ਜਾਵੇਗੀ ਅਤੇ ਨਤੀਜੇ ਵੀ ਜਲਦੀ ਤਿਆਰ ਕੀਤੇ ਜਾ ਸਕਣਗੇ। ਇਸ ਪ੍ਰਣਾਲੀ ਨਾਲ ਅਧਿਆਪਕਾਂ ਨੂੰ ਦੂਰ-ਦੁਰਾਡੇ ਦੇ ਮੁਲਾਂਕਣ ਕੇਂਦਰਾਂ ’ਤੇ ਜਾਣ ਦੀ ਲੋੜ ਨਹੀਂ ਪਵੇਗੀ, ਉਹ ਆਪਣੇ ਸਕੂਲ ਵਿੱਚ ਰਹਿ ਕੇ ਹੀ ਇਹ ਕੰਮ ਕਰ ਸਕਣਗੇ, ਜਿਸ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ। ਇਸ ਲਈ ਸਕੂਲਾਂ ਨੂੰ ਪਾਸਵਰਡ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ 12ਵੀਂ ਜਮਾਤ ਦੀਆਂ ਇਹ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।

Posted By: Daily Suraj Bureau

Latest News