ਮਾਨਸਾ 'ਚ ਬੰਬ ਦੀ ਧਮਕੀ ਨਾਲ ਫੈਲੀ ਦਹਿਸ਼ਤ: ਅਦਾਲਤੀ ਕੰਪਲੈਕਸ ਤੇ ਚਾਰ ਸਕੂਲ ਕਰਵਾਏ ਗਏ ਖਾਲੀ
ਮਾਨਸਾ ਜ਼ਿਲ੍ਹਾ ਅਦਾਲਤ ਕੰਪਲੈਕਸ ਅਤੇ ਚਾਰ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਹੱਥ ਲਿਖਤ ਧਮਕੀ ਮਿਲਣ ਤੋਂ ਬਾਅਦ ਸੋਮਵਾਰ ਨੂੰ ਇਲਾਕੇ ਵਿੱਚ ਹੜਕੰਪ ਮਚ ਗਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਚਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਅਤੇ ਪੂਰੇ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਧਮਕੀ ਭੀਖੀ ਇਲਾਕੇ 'ਚੋਂ ਮਿਲੀ ਇੱਕ ਹੱਥ ਨਾਲ ਲਿਖੀ ਚਿੱਠੀ ਰਾਹੀਂ ਦਿੱਤੀ ਗਈ ਹੈ। ਚਿੱਠੀ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ 21 ਅਤੇ 22 ਸਤੰਬਰ ਨੂੰ ਅਦਾਲਤੀ ਕੰਪਲੈਕਸ ਤੋਂ ਇਲਾਵਾ ਪਿੰਡ ਖੀਵਾ ਕਲਾਂ, ਹੀਰੋ ਕਲਾਂ, ਆਤਲਾ ਕਲਾਂ ਦੇ ਸਕੂਲਾਂ ਅਤੇ ਮਾਨਸਾ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਧਮਾਕੇ ਕੀਤੇ ਜਾਣਗੇ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਬੰਬ ਨਕਾਰਾ ਦਸਤੇ (Bomb Disposal Squad) ਅਤੇ ਡੌਗ ਸਕਵਾਡ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਥਾਵਾਂ 'ਤੇ ਵੱਡੇ ਪੱਧਰ 'ਤੇ ਸਰਚ ਅਭਿਆਨ ਚਲਾਇਆ। ਜਾਂਚ ਦੌਰਾਨ ਫਿਲਹਾਲ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ, ਪਰ ਇਹਤਿਆਤ ਦੇ ਤੌਰ 'ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰਾਂ ਵੱਲ ਭੇਜ ਦਿੱਤਾ ਗਿਆ ਹੈ। ਮਾਨਸਾ ਦੇ ਐੱਸ.ਐੱਸ.ਪੀ. ਵੈਭਵ ਚੌਧਰੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ। ਉਨ੍ਹਾਂ ਕਿਹਾ ਕਿ ਧਮਕੀ ਪੱਤਰ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਲਈ ਪੁਲਿਸ ਵੱਲੋਂ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਮੰਗਲਵਾਰ ਨੂੰ ਵੀ ਸਬੰਧਤ ਸੰਵੇਦਨਸ਼ੀਲ ਥਾਵਾਂ 'ਤੇ ਚੈਕਿੰਗ ਅਭਿਆਨ ਜਾਰੀ ਰਹੇਗਾ।
Posted By: Daily Suraj Bureau