Daily Suraj

ਪੰਜਾਬੀ

ਸੀਵਰੇਜ ਬੋਰਡ ਅਤੇ ਪਾਵਰਕਾਮ-ਟਰਾਂਸਕੋ ਦੇ ਆਊਟਸੋਰਸ ਮੁਲਾਜ਼ਮ ਅੱਜ ਦਿੜ੍ਹਬਾ ਵਿਖੇ ਦੇਣਗੇ ਧਰਨਾ

13 Oct, 2026 06:03 PM

ਪਰਿਵਾਰਾਂ ਤੇ ਬੱਚਿਆਂ ਸਮੇਤ ਰੋਸ ਧਰਨਾ ਦੇਣ ਅਤੇ ਝੰਡਾ ਮਾਰਚ ਕਰਨ ਦਾ ਐਲਾਨ
 

ਲੌਂਗੋਵਾਲ,(ਜਗਸੀਰ ਸਿੰਘ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਲੇਬਰ ਯੂਨੀਅਨ ਰਜਿਸਟਰਡ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕੇ ਦਿੜ੍ਹਬਾ ਵਿਖੇ 14 ਅਕਤੂਬਰ ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਬੀਤੇ ਦਿਨੀਂ ਹਲਕਾ ਦਿੜ੍ਹਬਾ ਵਿਖੇ ਲਗਾਏ ਗਏ ਧਰਨੇ ਦੌਰਾਨ ਸੰਘਰਸ਼ ਦੇ ਜ਼ੋਰ ’ਤੇ ਦੋਵੇਂ ਜਥੇਬੰਦੀਆਂ ਨੂੰ ਵਿੱਤ ਮੰਤਰੀ ਵੱਲੋਂ ਮੀਟਿੰਗ ਲਈ ਲਿਖਤੀ ਸਮਾਂ ਦਿੱਤਾ ਗਿਆ ਸੀ। ਪਰ 13 ਅਕਤੂਬਰ ਨੂੰ ਬਾਅਦ ਦੁਪਹਿਰ ਵਿੱਤ ਮੰਤਰੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਤੋਂ ਫ਼ੋਨ ਰਾਹੀਂ ਜਥੇਬੰਦੀਆਂ ਨੂੰ ਮੀਟਿੰਗ ਮੁਲਤਵੀ ਹੋਣ ਦਾ ਸੁਨੇਹਾ ਦਿੱਤਾ ਗਿਆ। ਇਸ ਦੇ ਰੋਸ ਵਜੋਂ ਜਥੇਬੰਦੀਆਂ ਨੇ ਹਲਕਾ ਦਿੜ੍ਹਬਾ ਵਿਖੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧੇ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ, ਸਰਕਾਰੀ ਅਦਾਰਿਆਂ ਵਿੱਚ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਘੱਟੋ-ਘੱਟ ਗੁਜ਼ਾਰੇ ਯੋਗ ਤਨਖ਼ਾਹ ਲਾਗੂ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਵਿਚਕਾਰੋਂ ਬਾਹਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਦੌਰਾਨ ਸੀਵਰੇਜ ਬੋਰਡ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਸੀਵਰੇਜ ਬੋਰਡ ਵਿੱਚ ਕੰਮ ਕਰਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਲਗਭਗ 2300 ਮੁਲਾਜ਼ਮਾਂ ਨੂੰ ਸਿੱਧੇ ਬੋਰਡ ਦੇ ਕੰਟਰੈਕਟ ’ਤੇ ਲਿਆਂਦਾ ਜਾਵੇ। ਇਨ੍ਹਾਂ ਵਿੱਚ ਪੰਪ ਆਪਰੇਟਰ, ਸੀਵਰਮੈਨ, ਬੇਲਦਾਰ, ਫਿਟਰ, ਮਾਲੀ-ਕਮ-ਚੌਕੀਦਾਰ, ਬਿੱਲ ਕਲਰਕ, ਬਿੱਲ ਡਿਸਟ੍ਰੀਬਿਊਟਰ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਪਾਵਰਕਾਮ ਦੇ ਐੱਨ.ਸੀ.ਸੀ., ਸੀ.ਆਰ.ਸੀ., ਪੈਸਕੋ ਅਤੇ ਸਟੋਰਾਂ ਵਿੱਚ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਸਿੱਧੇ ਬੋਰਡ ਦੇ ਕੰਟਰੈਕਟ ’ਤੇ ਕਰਨ ਦੀ ਹਦਾਇਤ ਦਿੱਤੀ ਗਈ ਸੀ, ਪਰ ਕੁਝ ਫ਼ੈਸਲੇ ਹੁਣ ਤੱਕ ਲਾਗੂ ਨਹੀਂ ਕੀਤੇ ਗਏ। ਆਗੂਆਂ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਵੱਲੋਂ ਮੀਟਿੰਗ ਲਈ ਸਮਾਂ ਦੇਣ ਤੋਂ ਬਾਅਦ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਦੋਵੇਂ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ 14 ਅਕਤੂਬਰ 2026 ਨੂੰ ਦਿੜ੍ਹਬਾ ਸ਼ਹਿਰ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਮੁਲਾਜ਼ਮ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਝੰਡਾ ਮਾਰਚ ਵੀ ਕਰਨਗੇ।

Latest News