Daily Suraj

ਪੰਜਾਬੀ

ਭਿਆਨਕ ਹਾਦਸੇ ਤੋਂ ਬਾਅਦ ਨੌਜਵਾਨ ਗਾਇਬ, ਥਾਰ ਸਵਾਰਾਂ ‘ਤੇ ਸ਼ੱਕ

07 Feb, 2026 04:26 PM

ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਡੇਰਾ ਬਾਬਾ ਨਾਨਕ-ਫਤਿਹਗੜ੍ਹ ਚੂੜੀਆਂ ਰੋਡ 'ਤੇ ਪਿੰਡ ਨਿਕੋਸਰਾ ਵਿਖੇ ਐਨ.ਬੀ. ਪੈਟਰੋਲ ਪੰਪ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਸਪਲੈਂਡਰ ਮੋਟਰਸਾਈਕਲ ਅਤੇ ਇੱਕ ਅਣਪਛਾਤੀ ਥਾਰ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮੌਕੇ 'ਤੇ ਮੌਜੂਦ ਇੱਕ ਢਾਬਾ ਮਾਲਕ ਅਨੁਸਾਰ, ਮੋਟਰਸਾਈਕਲ ਸਵਾਰ ਨੌਜਵਾਨ ਫਤਿਹਗੜ੍ਹ ਚੂੜੀਆਂ ਵਾਲੀ ਸਾਈਡ ਤੋਂ ਡੇਰਾ ਬਾਬਾ ਨਾਨਕ ਵੱਲ ਜਾ ਰਿਹਾ ਸੀ। ਜਦੋਂ ਉਹ ਨਿਕੋਸਰਾ ਪੈਟਰੋਲ ਪੰਪ ਦੇ ਸਾਹਮਣੇ ਪਹੁੰਚਿਆ, ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਚੱਕਣਾ-ਚੂਰ ਹੋ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੇ ਸੁਰੱਖਿਆ ਲਈ ਹੈਲਮਟ ਪਾਇਆ ਹੋਇਆ ਸੀ, ਪਰ ਟੱਕਰ ਜ਼ਬਰਦਸਤ ਹੋਣ ਕਾਰਨ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਤੁਰੰਤ ਬਾਅਦ ਥਾਰ ਗੱਡੀ ਸਵਾਰਾਂ ਨੇ ਮਨੁੱਖਤਾ ਦਿਖਾਉਂਦੇ ਹੋਏ ਜ਼ਖ਼ਮੀ ਨੌਜਵਾਨ ਨੂੰ ਆਪਣੀ ਗੱਡੀ ਵਿੱਚ ਪਾਇਆ ਅਤੇ ਇਲਾਜ ਲਈ ਕਿਸੇ ਨਜ਼ਦੀਕੀ ਹਸਪਤਾਲ ਲੈ ਗਏ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜ਼ਖ਼ਮੀ ਨੂੰ ਕਿਸ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਂਕੀ ਮਾਲੇਵਾਲ ਦੇ ਇੰਚਾਰਜ ਸੁਖਰਾਜ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਹਾਦਸਾਗ੍ਰਸਤ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਥਾਰ ਗੱਡੀ ਅਤੇ ਜ਼ਖ਼ਮੀ ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Posted By: Daily Suraj Bureau

Latest News