ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਬਾਰੇ ਵਿਦਿਆਰਥੀਆਂ ਨਾਲ ਕੀਤੀ ਵਿਚਾਰ ਚਰਚਾ
(ਜਗਸੀਰ ਸਿੰਘ ) - ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਅਗਾਮੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 12 ਮਾਰਚ ਤੋਂ 27 ਮਾਰਚ ਤੱਕ ਮਨਾਏ ਜਾ ਰਹੇ ਸ਼ਹੀਦੀ ਪੰਦਰਵਾੜੇ ਤਹਿਤ ਅੱਜ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ, ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਇਤਿਹਾਸਕਾਰ ਸੁਨਾਮ ਤੇ ਮੰਚ ਦੇ ਮੈਂਬਰ ਜਗਦੇਵ ਵਰਮਾ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਕੁੜੀਆਂ) ਸੰਗਰੂਰ ਵਿਖੇ ਵਿਦਿਆਰਥੀਆਂ ਨਾਲ ਸ਼ਹੀਦਾਂ ਦੇ ਵਿਚਾਰਾਂ ਦੀ ਸਾਂਝ ਪਾਈ। ਬਲਬੀਰ ਲੌਂਗੋਵਾਲ ਨੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਵਿਚਾਰਧਾਰਾ, ਉਹਨਾਂ ਦੇ ਡੂੰਘੇ ਅਧਿਐਨ, ਉਹਨਾਂ ਦੇ ਸੁਪਨਿਆਂ ਦੀ ਅਜ਼ਾਦੀ ਤੇ ਛੋਟੀ ਉਮਰ ਵਿੱਚ ਸ਼ਹੀਦੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਰਾਕੇਸ ਕੁਮਾਰ ਨੇ ਫਿਰੋਜ਼ਪੁਰ ਸਥਿਤ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਗੁਪਤ ਟਿਕਾਣੇ,ਉੱਥੇ ਆਉਣ ਵਾਲੇ ਦੇਸ ਭਗਤਾਂ ਤੇ ਉਹਨਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਇਸੇ ਟਿਕਾਣੇ ਵਿਖੇ ਭਗਤ ਸਿੰਘ ਨੇ ਆਪਣੀ ਪਾਰਟੀ ਦੀਆਂ ਲੋੜਾਂ ਮੁਤਾਬਕ ਕੇਸ ਦੇ ਦਾੜ੍ਹੀ ਕਟਵਾਏ, ਨਿਸ਼ਾਨੇਬਾਜ਼ੀ ਦਾ ਅਭਿਆਸ ਕੀਤਾ ਤੇ 'ਚਾਂਦ' ਫਾਂਸੀ ਅੰਕ ਲਈ ਕਈ ਸ਼ਹੀਦਾਂ ਦੀਆਂ ਜੀਵਨੀਆਂ ਵੀ ਇੱਥੇ ਹੀ ਸ਼ਿਵ ਵਰਮਾ ਨੇ ਲਿਖੀਆਂ ਸਨ। ਇੱਥੇ ਉਹ ਸਾਰੇ ਆਪਣਾ ਨਾਮ ਬਦਲ ਕੇ ਰਹਿੰਦੇ ਸੀ। ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਗੁਪਤ ਟਿਕਾਣੇ ਨੂੰ ਜਲਦੀ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਬਦਲੇ।ਜਗਦੇਵ ਵਰਮਾ ਨੇ ਇਨਕਲਾਬੀ ਗੀਤ ਗਾ ਕੇ ਵਿਦਿਆਰਥੀਆਂ ਵਿੱਚ ਜੋਸ਼ ਭਰਿਆ। ਮੰਚ ਵੱਲੋਂ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਬਾਰੇ ਛਪਿਆ ਪਰਚਾ ਵੀ ਵਿਦਿਆਰਥੀਆਂ ਨੂੰ ਵੰਡਿਆ ਗਿਆ।
Posted By: Daily Suraj Bureau