Daily Suraj

ਪੰਜਾਬੀ

ਮੰਡੀਆਂ ’ਚ ਕਣਕ ਭੰਡਾਰਨ ਤੇ ਕੇਂਦਰ ਸਰਕਾਰ ਦੀ ਨਜ਼ਰ, ਖ਼ਰੀਦ ਟੀਚਾ 132 ਲੱਖ ਮੀਟ੍ਰਿਕ ਟਨ

31 Mar, 2026 06:53 AM

ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ 1 ਅਪਰੈਲ ਤੋਂ ਸ਼ੁਰੂ ਹੋਵੇਗੀ। ਇਸ ਮੱਦੇਨਜ਼ਰ ਅੱਜ ਸੂਬੇ ਦੀ ਸਰਕਾਰ ਨੇ ਖ਼ਰੀਦ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ। ਇਹ ਕਣਕ ਦਾ ਆਖ਼ਰੀ ਖ਼ਰੀਦ ਸੀਜ਼ਨ ਹੈ ਜੋ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਹੋ ਰਿਹਾ ਹੈ। ਸਰਕਾਰ ਨੇ ਕਣਕ ਖ਼ਰੀਦ ਲਈ 122 ਲੱਖ ਮੀਟ੍ਰਿਕ ਟਨ ਦਾ ਟੀਚਾ ਰੱਖਿਆ ਹੈ, ਪਰ ਵਿਭਾਗ ਨੇ 132 ਲੱਖ ਮੀਟ੍ਰਿਕ ਟਨ ਖ਼ਰੀਦਣ ਦੇ ਪ੍ਰਬੰਧ ਕੀਤੇ ਹਨ। ਸੂਬੇ ’ਚ ਇਸ ਲਈ 1897 ਖ਼ਰੀਦ ਕੇਂਦਰ ਬਣਾਏ ਗਏ ਹਨ ਅਤੇ 266 ਹੋਰ ਆਰਜ਼ੀ ਕੇਂਦਰ ਬਣਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਅਪਰੈਲ ਮਹੀਨੇ ਲਈ ਸਰਕਾਰ ਨੂੰ 30,973 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (CCL) ਪ੍ਰਾਪਤ ਹੋ ਚੁਕੀ ਹੈ। ਕੇਂਦਰ ਸਰਕਾਰ ਨੂੰ ਮੰਡੀਆਂ ’ਚ ਭੰਡਾਰਿਤ 22 ਲੱਖ ਮੀਟ੍ਰਿਕ ਟਨ ਕਣਕ ਸਿੱਧੀ ਤੌਰ ’ਤੇ ਚੁਕਾਉਣ ਲਈ ਕਿਹਾ ਗਿਆ ਹੈ, ਕਿਉਂਕਿ ਪਿਛਲੇ ਸਾਲ ਦੀ ਭੰਡਾਰ ਕੀਤੀ ਕਣਕ ਦੀ ਚੁਕਾਈ ਹਾਲੇ ਤੱਕ ਨਹੀਂ ਹੋਈ। ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਮੰਡੀਆਂ ’ਚੋਂ ਸਿੱਧੀ ਚੁਕਾਈ ਨਾ ਕੀਤੀ ਗਈ ਤਾਂ ਕਾਨੂੰਨੀ ਵਿਵਸਥਾ ਨੂੰ ਨੁਕਸਾਨ ਹੋ ਸਕਦਾ ਹੈ। ਬੀਤੇ ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ’ਚ ਮੀਂਹ ਕਾਰਨ ਫ਼ਸਲ ਝੰਬ ਗਈ ਹੈ ਅਤੇ ਨਮੀ ਕਾਰਨ ਮੰਡੀਆਂ ’ਚ ਫ਼ਸਲ ਦੀ ਆਮਦ ਵਿੱਚ ਕੁਝ ਦੇਰੀ ਹੋ ਸਕਦੀ ਹੈ। ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਖ਼ਰੀਦ ਪ੍ਰਬੰਧਾਂ ਦੀ ਤਿਆਰੀ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰਾਂ ਨੂੰ ਮੰਡੀਆਂ ’ਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ’ਤੇ ਨਜ਼ਰ ਰੱਖਣ ਲਈ ਕਿਹਾ। ਸਾਫ਼-ਸਫ਼ਾਈ, ਬਿਜਲੀ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ। ਮੰਡੀਆਂ ਵਿੱਚ ਬਾਰਦਾਨੇ, ਤਰਪਾਲਾਂ ਅਤੇ ਲੱਕੜ ਦੇ ਕਰੇਟ ਆਦਿ ਦੇ ਪ੍ਰਬੰਧਾਂ ਲਈ ਵੀ ਪੁਖ਼ਤਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੈਟਰੋਲ, ਡੀਜ਼ਲ ਅਤੇ ਐਲਪੀਜੀ ਸਪਲਾਈ ਨੂੰ ਬਰਕਰਾਰ ਰੱਖਣ ਲਈ ਵਿਭਾਗ ਨੇ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਤਾਲਮੇਲ ਬਣਾਈ ਰੱਖਿਆ ਹੈ। ਇਸ ਮੌਕੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਅਤੇ ਅਜੈਵੀਰ ਸਿੰਘ ਸਰਾਓ ਵੀ ਮੌਜੂਦ ਸਨ।

Posted By: Daily Suraj Bureau

Latest News