ਕ੍ਰੋਏਸ਼ੀਆ ਨੇ ਦਿੱਤੀ ਸਖ਼ਤ ਟੱਕਰ, ਪਰ ਇੰਗਲੈਂਡ ਨੇ ਦੂਜੇ ਹਾਫ਼ ਵਿੱਚ ਬਦਲਿਆ ਮੈਚ
ਇੰਗਲੈਂਡ ਨੇ ਫੀਫਾ ਵਿਸ਼ਵ ਕੱਪ 2026 ਵਿੱਚ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਥਾਮਸ ਟੁਚੇਲ ਦੀ ਅਗਵਾਈ ਹੇਠ ਟੀਮ ਨੇ ਵੀਰਵਾਰ, 18 ਜੂਨ ਨੂੰ ਖੇਡੇ ਗਏ ਗਰੁੱਪ ਐਲ ਦੇ ਮੁਕਾਬਲੇ ਵਿੱਚ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਮਹੱਤਵਪੂਰਨ ਤਿੰਨ ਅੰਕ ਆਪਣੇ ਨਾਮ ਕੀਤੇ। ਡੱਲਾਸ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਹੈਰੀ ਕੇਨ ਨੇ ਦੋ ਗੋਲ ਕਰਕੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਜੂਡ ਬੇਲਿੰਘਮ ਅਤੇ ਮਾਰਕਸ ਰਾਸ਼ਫੋਰਡ ਨੇ ਵੀ ਇੱਕ-ਇੱਕ ਗੋਲ ਕਰਕੇ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ। ਹਾਲਾਂਕਿ ਅੰਤਿਮ ਸਕੋਰਲਾਈਨ ਇੰਗਲੈਂਡ ਦੀ ਆਸਾਨ ਜਿੱਤ ਦਰਸਾਉਂਦੀ ਹੈ, ਪਰ ਮੈਚ ਦੌਰਾਨ ਕ੍ਰੋਏਸ਼ੀਆ ਨੇ ਸਖ਼ਤ ਮੁਕਾਬਲਾ ਕੀਤਾ। ਪਹਿਲੇ ਹਾਫ਼ ਵਿੱਚ ਕ੍ਰੋਏਸ਼ੀਆ ਨੇ ਦੋ ਵਾਰ ਸਕੋਰ ਬਰਾਬਰ ਕਰਕੇ ਇੰਗਲੈਂਡ ਨੂੰ ਦਬਾਅ ਹੇਠ ਰੱਖਿਆ। ਇਸ ਦੇ ਬਾਵਜੂਦ ਦੂਜੇ ਹਾਫ਼ ਵਿੱਚ ਇੰਗਲੈਂਡ ਨੇ ਆਪਣੀ ਖੇਡ ਵਿੱਚ ਵੱਡਾ ਸੁਧਾਰ ਕਰਦਿਆਂ ਮੈਚ 'ਤੇ ਪੂਰਾ ਕਾਬੂ ਹਾਸਲ ਕਰ ਲਿਆ ਅਤੇ 4-2 ਨਾਲ ਜਿੱਤ ਦਰਜ ਕੀਤੀ। ਇੰਗਲੈਂਡ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਕ੍ਰੋਏਸ਼ੀਆ ਦੀ ਰੱਖਿਆ ਪੰਤੀ 'ਤੇ ਲਗਾਤਾਰ ਦਬਾਅ ਬਣਾਈ ਰੱਖਿਆ। ਇਸ ਦਾ ਨਤੀਜਾ 12ਵੇਂ ਮਿੰਟ ਵਿੱਚ ਸਾਹਮਣੇ ਆਇਆ, ਜਦੋਂ ਨੌਜਵਾਨ ਵਿੰਗਰ ਨੋਨੀ ਮੈਡੂਕੇ ਗੇਂਦ ਨੂੰ ਪੈਨਲਟੀ ਖੇਤਰ ਵਿੱਚ ਲੈ ਗਿਆ। ਉਸ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਲੂਕਾ ਮੋਡਰਿਕ ਵੱਲੋਂ ਫਾਊਲ ਕੀਤਾ ਗਿਆ, ਜਿਸ 'ਤੇ ਰੈਫਰੀ ਨੇ ਤੁਰੰਤ ਪੈਨਲਟੀ ਦੇਣ ਦਾ ਫੈਸਲਾ ਸੁਣਾਇਆ ਅਤੇ ਇੰਗਲੈਂਡ ਨੂੰ ਲੀਡ ਲੈਣ ਦਾ ਮੌਕਾ ਮਿਲਿਆ।
Posted By: Daily Suraj Bureau