Daily Suraj

ਪੰਜਾਬੀ

Greater Noida Crime News: ਗ੍ਰੇਟਰ ਨੋਇਡਾ 'ਚ ਘਰ ਅੰਦਰੋਂ ਮਿਲੀਆਂ ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

17 Oct, 2026 02:09 PM

ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਸਥਿਤ ਨਾਗਲਾ ਸ਼੍ਰੀ ਪਦਮ ਪਿੰਡ ਵਿੱਚ ਸ਼ਨੀਵਾਰ ਸਵੇਰੇ ਇੱਕ ਅਤਿਅੰਤ ਦੁਖਦਾਈ ਅਤੇ ਭੇਦਭਰੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਆਪਣੇ ਘਰ ਦੇ ਬਿਸਤਰਿਆਂ 'ਤੇ ਪਈਆਂ ਮਿਲੀਆਂ। ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਸ਼ਾਮਲ ਹਨ। ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਬਣ ਗਿਆ। ਦਰਵਾਜ਼ਾ ਅੰਦਰੋਂ ਸੀ ਬੰਦ, ਗੁਆਂਢੀਆਂ ਨੂੰ ਹੋਇਆ ਸ਼ੱਕ ਮਿਲੀ ਜਾਣਕਾਰੀ ਅਨੁਸਾਰ, ਸ਼ਨੀਵਾਰ ਸਵੇਰੇ ਜਦੋਂ ਪਰਿਵਾਰ ਦਾ ਕੋਈ ਵੀ ਜੀਅ ਕਾਫ਼ੀ ਦੇਰ ਤੱਕ ਘਰੋਂ ਬਾਹਰ ਨਹੀਂ ਆਇਆ ਤਾਂ ਆਸ-ਪਾਸ ਦੇ ਗੁਆਂਢੀਆਂ ਨੂੰ ਸ਼ੱਕ ਹੋਇਆ। ਜਦੋਂ ਲੋਕਾਂ ਨੇ ਜਾ ਕੇ ਦੇਖਿਆ ਤਾਂ ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ। ਸ਼ੁਰੂਆਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਰਿਵਾਰਕ ਮੈਂਬਰਾਂ ਨੇ ਆਖਰੀ ਵਾਰ ਚਾਹ ਅਤੇ ਨੂਡਲਜ਼ ਦਾ ਸੇਵਨ ਕੀਤਾ ਸੀ। ਮ੍ਰਿਤਕਾਂ ਦੀ ਪਛਾਣ ਅਤੇ ਸ਼ੁਰੂਆਤੀ ਜਾਂਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 37 ਸਾਲਾ ਮਹੇਸ਼, ਉਸ ਦੀ 35 ਸਾਲਾ ਪਤਨੀ ਲਲਿਤਾ, 7 ਸਾਲਾ ਧੀ ਮਿਸ਼ਤੀ, 11 ਸਾਲਾ ਪੁੱਤਰ ਲੱਡੂ ਅਤੇ 3 ਸਾਲਾ ਪੁੱਤਰ ਸਾਕਸ਼ਤ ਵਜੋਂ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਇਹ ਮਾਮਲਾ ਫੂਡ ਪੋਇਜ਼ਨਿੰਗ (ਜ਼ਹਿਰੀਲਾ ਭੋਜਨ) ਦਾ ਪ੍ਰਤੀਤ ਹੁੰਦਾ ਹੈ। ਮ੍ਰਿਤਕ ਮਹੇਸ਼ ਦੀ ਮਾਂ ਅਤੇ ਸਥਾਨਕ ਨਿਵਾਸੀਆਂ ਅਨੁਸਾਰ ਪਰਿਵਾਰ ਨੇ ਸ਼ੁੱਕਰਵਾਰ ਰਾਤ ਨੂੰ ਨੂਡਲਜ਼ ਖਾਧੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜਨ ਦਾ ਖਦਸ਼ਾ ਹੈ। ਫੋਰੈਂਸਿਕ ਅਤੇ ਫੂਡ ਸੇਫਟੀ ਟੀਮਾਂ ਵੱਲੋਂ ਨਮੂਨੇ ਇਕੱਤਰ ਘਟਨਾ ਦੀ ਇਤਲਾਹ ਮਿਲਦਿਆਂ ਹੀ ਫੋਰੈਂਸਿਕ ਖੋਜਕਰਤਾਵਾਂ ਅਤੇ ਫੂਡ ਸੇਫਟੀ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਟੀਮਾਂ ਵੱਲੋਂ ਘਟਨਾ ਸਥਾਨ ਤੋਂ ਮਹੱਤਵਪੂਰਨ ਸਬੂਤ ਅਤੇ ਭੋਜਨ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ, ਉਸੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Latest News