ਰੱਖੜੀ ਮੌਕੇ 70.92 ਲੱਖ ਔਰਤਾਂ ਦੇ ਖਾਤਿਆਂ ’ਚ ਪਹੁੰਚੀ ਸਨਮਾਨ ਰਾਸ਼ੀ, 1 ਕਰੋੜ ਨੂੰ ਜੋੜਨ ਦਾ ਟੀਚਾ
ਪੰਜਾਬ ਸਰਕਾਰ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਹੁਣ ਤੱਕ ਕੁੱਲ 70.92 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਤਬਦੀਲ ਕਰ ਦਿੱਤੀ ਹੈ। ਬਾਬਾ ਬਕਾਲਾ ਸਾਹਿਬ ਵਿਖੇ ਲੰਘੇ ਕੱਲ੍ਹ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਯੋਜਨਾ ਤਹਿਤ 5.30 ਲੱਖ ਹੋਰ ਔਰਤਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਸਨਮਾਨ ਰਾਸ਼ੀ ਵਜੋਂ 181.50 ਕਰੋੜ ਰੁਪਏ ਸਿੱਧੇ ਤਬਦੀਲ ਕੀਤੇ। ਨਵੀਂ ਕਿਸ਼ਤ ਜਾਰੀ ਹੋਣ ਨਾਲ ਯੋਜਨਾ ਦੇ ਕੁੱਲ ਲਾਭਪਾਤਰੀਆਂ ਦੀ ਗਿਣਤੀ 70.92 ਲੱਖ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦਾ ਟੀਚਾ ਸੂਬੇ ਦੀਆਂ 1 ਕਰੋੜ ਔਰਤਾਂ ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਲਿਆਉਣਾ ਹੈ। ਯੋਜਨਾ ਲਈ ਔਰਤਾਂ ਦੀ ਰਜਿਸਟਰੇਸ਼ਨ ਵਿੱਚ ਸਹਾਇਤਾ ਕਰਨ ਵਾਲੀਆਂ 1.38 ਲੱਖ ‘ਸਤਿਕਾਰ ਸਖੀਆਂ’ ਨੂੰ ਹੁਣ ਤੱਕ 51 ਕਰੋੜ ਰੁਪਏ ਦਾ ਮਾਣ-ਭੱਤਾ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੂੰ ਵੀ 25 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਮੌਜੂਦਾ ਰਜਿਸਟਰੇਸ਼ਨ ਦੇ ਆਧਾਰ ’ਤੇ ਇਸ ਯੋਜਨਾ ’ਤੇ ਸਾਲਾਨਾ 10,492.80 ਕਰੋੜ ਰੁਪਏ ਦਾ ਖ਼ਰਚਾ ਆਉਣ ਦਾ ਅੰਦਾਜ਼ਾ ਹੈ। ਇਹ ਰਕਮ ਪ੍ਰਤੀ ਮਹੀਨਾ 874.40 ਕਰੋੜ ਰੁਪਏ ਬਣਦੀ ਹੈ। ਔਸਤਨ ਇਸ ਹਿਸਾਬ ਨਾਲ ਔਰਤਾਂ ਨੂੰ ਰੋਜ਼ਾਨਾ 28.74 ਕਰੋੜ ਰੁਪਏ ਦਾ ਸਤਿਕਾਰ ਭੱਤਾ ਮਿਲੇਗਾ। ਜਾਣਕਾਰੀ ਅਨੁਸਾਰ ਇਸ ਸਕੀਮ ਲਈ ਹੁਣ ਤੱਕ 75.50 ਲੱਖ ਔਰਤਾਂ ਦੀ ਰਜਿਸਟਰੇਸ਼ਨ ਹੋਈ ਹੈ। ਹਾਲਾਂਕਿ, ਪਹਿਲਾਂ ਇਸ ਯੋਜਨਾ ਦਾ ਲਾਭ 90 ਲੱਖ ਔਰਤਾਂ ਤੱਕ ਪਹੁੰਚਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਪੰਜਾਬ ਵਿੱਚ ਔਰਤ ਵੋਟਰਾਂ ਦੀ ਗਿਣਤੀ ਇੱਕ ਕਰੋੜ ਤੋਂ ਵੱਧ ਹੈ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਅਜੇ ਵੀ ਇਸ ਯੋਜਨਾ ਨਾਲ ਨਹੀਂ ਜੁੜੀਆਂ ਹਨ। ਅਗਸਤ ਮਹੀਨੇ ਦੌਰਾਨ ਇਸ ਯੋਜਨਾ ਲਈ ਨਵੀਂ ਰਜਿਸਟਰੇਸ਼ਨ ਦੀ ਰਫ਼ਤਾਰ ਵੀ ਕਾਫ਼ੀ ਸੁਸਤ ਰਹੀ ਹੈ। ਯੋਜਨਾ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ 1,000 ਰੁਪਏ, ਜਦਕਿ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਦਿੱਤਾ ਜਾ ਰਿਹਾ ਹੈ।
Posted By: Daily Suraj Bureau