ਨਗਰ ਨਿਗਮ ਬਠਿੰਡਾ ਵਿੱਚ ਅੱਗ ਲੱਗਣ ਨਾਲ ਹੜਕੰਪ, ਰਿਕਾਰਡ ਤਬਾਹ
ਸ਼ੁੱਕਰਵਾਰ ਦੇਰ ਰਾਤ ਬਠਿੰਡਾ ਕਾਰਪੋਰੇਸ਼ਨ ਦੇ ਰਿਕਾਰਡ ਰੂਮ ਨੂੰ ਲੱਗੀ ਅੱਗ । ਫੋਟੋ ਪਵਨ ਸ਼ਰਮਾ ਬਠਿੰਡਾ ਨਗਰ ਨਿਗਮ (ਕਾਰਪੋਰੇਸ਼ਨ) ਦਫ਼ਤਰ ਦੀ ਤੀਜੀ ਮੰਜ਼ਿਲ ’ਤੇ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਦਫ਼ਤਰ ਵਿੱਚ ਪਿਆ ਮਹੱਤਵਪੂਰਨ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਇੱਕ ਛੋਟੀ ਤੇ ਤਿੰਨ ਵੱਡੇ ਫਾਇਰ ਟੈਂਡਰ ਗੱਡੀਆਂ ਮੌਕੇ ’ਤੇ ਪੁੱਜ ਗਈਆਂ। ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਅੱਗ ’ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸ ਸਬੰਧੀ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਅੱਗ ਲੱਗਣ ਦਾ ਸੰਭਾਵੀ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ। ਮੇਅਰ ਨੇ ਕਿਹਾ ਕਿ ਅੱਗ ਦੀ ਚਪੇਟ ਵਿੱਚ 2011 ਦੀ ਜਨਗਣਨਾ ਸਮੇਤ ਸ਼ਹਿਰ ਦੀ ਹੋਰ ਪੁਰਾਣੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਆ ਗਏ ਹਨ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਕਿ ਇਸ ਸਾਰੇ ਰਿਕਾਰਡ ਦੀਆਂ ਕਾਪੀਆਂ ਨਗਰ ਨਿਗਮ ਕੋਲ ਔਨਲਾਈਨ ਰੂਪ ਵਿੱਚ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਹੋਰ ਨੁਕਸਾਨ ਬਾਰੇ ਪੂਰੀ ਜਾਣਕਾਰੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਅਤੇ ਸਵੇਰ ਵੇਲੇ ਜਾਂਚ ਮਗਰੋਂ ਹੀ ਮਿਲ ਸਕੇਗੀ। ਘਟਨਾ ਦੌਰਾਨ ਪੁਲੀਸ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ।
Posted By: Daily Suraj Bureau