Daily Suraj

ਪੰਜਾਬੀ

ਬੰਗਾਲ ਵਿੱਚ ਤਿੱਖੀ ਟੱਕਰ, ਤਾਮਿਲਨਾਡੂ ਵਿੱਚ ਚੌਤਰਫ਼ਾ ਮੁਕਾਬਲਾ—ਵੋਟਰਾਂ ਦੀ ਲੰਮੀ ਕਤਾਰਾਂ

23 Apr, 2026 09:07 AM

ਵਿਧਾਨ ਸਭਾ ਚੋਣਾਂ 2026 ਦੇ ਤਹਿਤ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਅੱਜ ਸਵੇਰੇ 7 ਵਜੇ ਅਮਨ-ਅਮਾਨ ਨਾਲ ਸ਼ੁਰੂ ਹੋਈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਵੇਰੇ 11 ਵਜੇ ਤੱਕ ਪੱਛਮੀ ਬੰਗਾਲ ਵਿੱਚ 41.11 ਫੀਸਦੀ ਅਤੇ ਤਾਮਿਲਨਾਡੂ ਵਿੱਚ 37.57 ਫੀਸਦੀ ਵੋਟਿੰਗ ਦਰਜ ਕੀਤੀ ਗਈ। ਤਾਮਿਲਨਾਡੂ ਵਿੱਚ ਤਿਰੂਪੁਰ ਜ਼ਿਲ੍ਹਾ 42.45 ਫੀਸਦੀ ਵੋਟਿੰਗ ਨਾਲ ਅੱਗੇ ਰਿਹਾ, ਜਦਕਿ ਨੀਲਗਿਰੀ ਵਿੱਚ ਸਭ ਤੋਂ ਘੱਟ 32.62 ਫੀਸਦੀ ਵੋਟ ਪਏ। ਚੇਨਈ ਵਿੱਚ 35.47 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦੂਜੇ ਪਾਸੇ ਪੱਛਮੀ ਬੰਗਾਲ ਦੇ ਪੱਛਮੀ ਮੇਦਨੀਪੁਰ ਵਿੱਚ 44.68 ਫੀਸਦੀ ਅਤੇ ਝਾਰਗ੍ਰਾਮ ਵਿੱਚ 43.71 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਦਕਿ ਮਾਲਦਾ ਵਿੱਚ ਸਭ ਤੋਂ ਘੱਟ 38.22 ਫੀਸਦੀ ਵੋਟਿੰਗ ਰਹੀ। ਉੱਤਰੀ ਬੰਗਾਲ ਦੇ ਦਾਰਜੀਲਿੰਗ ਅਤੇ ਜਲਪਾਈਗੁੜੀ ਤੋਂ ਲੈ ਕੇ ਦੱਖਣੀ ਜ਼ਿਲ੍ਹਿਆਂ ਮੁਰਸ਼ਿਦਾਬਾਦ, ਨਾਦੀਆ ਅਤੇ ਹੁਗਲੀ ਤੱਕ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਸਿੱਧੀ ਟੱਕਰ ਮੰਨੀ ਜਾ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਇਸ ਪੜਾਅ ਵਿੱਚ ਲਗਭਗ 3.6 ਕਰੋੜ ਵੋਟਰ ਵੋਟ ਪਾਉਣਗੇ, ਜਿਨ੍ਹਾਂ ਵਿੱਚ ਕਰੀਬ 1.75 ਕਰੋੜ ਮਹਿਲਾਵਾਂ ਅਤੇ 465 ਥਰਡ ਜੈਂਡਰ ਵੋਟਰ ਸ਼ਾਮਲ ਹਨ। ਸਿਆਸੀ ਵਿਸ਼ਲੇਸ਼ਕਾਂ ਦੇ ਮਤਾਬਕ ਇਹ ਪੜਾਅ ਸੂਬੇ ਦੀ ਭਵਿੱਖੀ ਸਿਆਸਤ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਅਹਿਮ ਸਾਬਤ ਹੋ ਸਕਦਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਭਾਜਪਾ ਵੱਡਾ ਉਲਟਫੇਰ ਕਰਨ ਲਈ ਜ਼ੋਰ ਲਗਾ ਰਹੀ ਹੈ। ਸੁਰੱਖਿਆ ਦੇ ਕੜੇ ਪ੍ਰਬੰਧ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਸੂਬੇ ਭਰ ਵਿੱਚ ਕੇਂਦਰੀ ਅਰਧਸੈਨਿਕ ਬਲਾਂ ਦੀਆਂ 2,450 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲਗਭਗ ਢਾਈ ਲੱਖ ਜਵਾਨ ਸ਼ਾਮਲ ਹਨ। 8,000 ਤੋਂ ਵੱਧ ਪੋਲਿੰਗ ਸਟੇਸ਼ਨਾਂ ਨੂੰ ‘ਅਤਿ-ਸੰਵੇਦਨਸ਼ੀਲ’ ਘੋਸ਼ਿਤ ਕੀਤਾ ਗਿਆ ਹੈ, ਜਦਕਿ 2,193 ਤੋਂ ਵੱਧ ਤੁਰੰਤ ਕਾਰਵਾਈ ਟੀਮਾਂ ਅਤੇ ਫਲਾਇੰਗ ਸਕੁਐਡ ਮੈਦਾਨ ਵਿੱਚ ਤਾਇਨਾਤ ਹਨ। ਮਾਲਦਾ, ਮੁਰਸ਼ਿਦਾਬਾਦ, ਕੂਚ ਬਿਹਾਰ ਅਤੇ ਬੀਰਭੂਮ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਕਿਤੇ ਤਕਨੀਕੀ ਖ਼ਰਾਬੀ, ਕਿਤੇ ਹਿੰਸਾ ਕੁਝ ਇਲਾਕਿਆਂ ਵਿੱਚ ਈਵੀਐਮ ਮਸ਼ੀਨਾਂ ਵਿੱਚ ਖ਼ਰਾਬੀ ਕਾਰਨ ਵੋਟਿੰਗ ਵਿੱਚ ਦੇਰੀ ਹੋਈ। ਮੁਰਸ਼ਿਦਾਬਾਦ, ਮਾਲਦਾ ਅਤੇ ਸਿਲੀਗੁੜੀ ਦੇ ਕਈ ਬੂਥਾਂ ’ਤੇ ਵੋਟਿੰਗ ਕੁਝ ਸਮੇਂ ਲਈ ਰੋਕਣੀ ਪਈ। ਨੰਦੀਗ੍ਰਾਮ ਦੇ ਬੀਰੂਲੀਆ ਵਿੱਚ ਵੀ ਇਸ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਈ। ਇਸ ਤੋਂ ਇਲਾਵਾ, ਵੋਟਿੰਗ ਤੋਂ ਪਹਿਲਾਂ ਕੁਝ ਥਾਵਾਂ ’ਤੇ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਵੀ ਆਈਆਂ। ਮੁਰਸ਼ਿਦਾਬਾਦ ਦੇ ਨਾਓਦਾ ਇਲਾਕੇ ਵਿੱਚ ਦੇਸੀ ਬੰਬ ਸੁੱਟੇ ਜਾਣ ਕਾਰਨ ਇੱਕ ਔਰਤ ਜ਼ਖ਼ਮੀ ਹੋ ਗਈ, ਜਦਕਿ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਸਾਹਿਨਾ ਮੁਮਤਾਜ਼ ਖਾਨ ਇਸ ਹਮਲੇ ਤੋਂ ਬਚ ਗਈ। ਕੂਚ ਬਿਹਾਰ ਵਿੱਚ ਭਾਜਪਾ ਆਗੂ ’ਤੇ ਹਮਲੇ ਦਾ ਦੋਸ਼ ਤ੍ਰਿਣਮੂਲ ’ਤੇ ਲਗਾਇਆ ਗਿਆ ਹੈ। ਡੋਮਕਲ ਵਿੱਚ ਸੀਪੀਐਮ ਵਰਕਰ ਅਤੇ ਉਸ ਦੇ ਪੁੱਤਰ ’ਤੇ ਵੀ ਹਮਲੇ ਦੀ ਖ਼ਬਰ ਹੈ। ਇੱਕ ਹੋਰ ਅਨੋਖੀ ਘਟਨਾ ਵਿੱਚ ਝਾਰਗ੍ਰਾਮ ਦੇ ਇੱਕ ਪੋਲਿੰਗ ਬੂਥ ਨੇੜੇ ਜੰਗਲੀ ਹਾਥੀ ਦੇ ਆ ਜਾਣ ਨਾਲ ਵੋਟਰਾਂ ਵਿੱਚ ਘਬਰਾਹਟ ਫੈਲ ਗਈ। ਚੋਣ ਕਮਿਸ਼ਨ ਨੇ ਇਨ੍ਹਾਂ ਘਟਨਾਵਾਂ ਦਾ ਸਖ਼ਤ ਨੋਟਿਸ ਲੈਂਦਿਆਂ ਰਿਪੋਰਟ ਤਲਬ ਕੀਤੀ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਤਾਮਿਲਨਾਡੂ ਵਿੱਚ ਵੀ ਜ਼ਬਰਦਸਤ ਮੁਕਾਬਲਾ ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐਮਕੇ ਅਤੇ ਵਿਰੋਧੀ ਏਆਈਐਡੀਐਮਕੇ ਵਿਚਕਾਰ ਸਿੱਧੀ ਟੱਕਰ ਮੰਨੀ ਜਾ ਰਹੀ ਹੈ, ਜਦਕਿ ਹੋਰ ਪਾਰਟੀਆਂ ਨੇ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਇੱਥੇ 5.73 ਕਰੋੜ ਵੋਟਰ 4,023 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ।

Posted By: Daily Suraj Bureau

Latest News