ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ ਦੇਹਾਂਤ
ਮੁੱਖ ਸਲਾਹਕਾਰ ਯੂਨੁਸ ਵੱਲੋਂ 3 ਦਿਨਾਂ ਦੇ ਸਰਕਾਰੀ ਸੋਗ ਅਤੇ ਭਲਕੇ ਜਨਤਕ ਛੁੱਟੀ ਦਾ ਐਲਾਨ
ਢਾਕਾ,
ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੀ ਚੇਅਰਪਰਸਨ ਖਾਲਿਦਾ ਜ਼ਿਆ ਦਾ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ 80 ਸਾਲਾ ਜ਼ੀਆ ਨੇ ਢਾਕਾ ਦੇ ਐਵਰਕੇਅਰ ਹਸਪਤਾਲ ਵਿੱਚ ਸਵੇਰੇ ਕਰੀਬ 6 ਵਜੇ ਆਖਰੀ ਸਾਹ ਲਿਆ, ਜਿਸ ਦੀ ਪੁਸ਼ਟੀ ਉਨ੍ਹਾਂ ਦੇ ਨਿੱਜੀ ਡਾਕਟਰ ਪ੍ਰੋਫੈਸਰ ਏਜ਼ੈਡਐਮ ਜ਼ਾਹਿਦ ਹੁਸੈਨ ਨੇ ਕੀਤੀ ਹੈ।
ਉਨ੍ਹਾਂ ਦੇ ਸਨਮਾਨ ਵਿੱਚ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਨੇ ਦੇਸ਼ ਵਿੱਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਖਾਲਿਦਾ ਜ਼ਿਆ ਤਿੰਨ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਰਹੀ ਸੀ ਅਤੇ ਉਨ੍ਹਾਂ ਨੂੰ ਬੰਗਲਾਦੇਸ਼ ਦੀ ਰਾਜਨੀਤੀ ਵਿੱਚ ਇੱਕ ਸ਼ਕਤੀਸ਼ਾਲੀ ਥੰਮ੍ਹ ਮੰਨਿਆ ਜਾਂਦਾ ਸੀ।
ਖਾਲਿਦਾ ਜ਼ਿਆ ਦੀਆਂ ਅੰਤਿਮ ਰਸਮਾਂ (ਨਮਾਜ਼-ਏ-ਜਨਾਜ਼ਾ) ਬੁੱਧਵਾਰ ਨੂੰ ਅਦਾ ਕੀਤੀਆਂ ਜਾਣਗੀਆਂ, ਜਿਸ ਦੇ ਮੱਦੇਨਜ਼ਰ ਦੇਸ਼ ਵਿੱਚ ਇੱਕ ਦਿਨ ਦੀ ਜਨਤਕ ਛੁੱਟੀ ਵੀ ਐਲਾਨੀ ਗਈ ਹੈ। ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਮੁਹੰਮਦ ਯੂਨੁਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਗ ਦੀ ਇਸ ਘੜੀ ਵਿੱਚ ਸੰਜਮ ਬਣਾਏ ਰੱਖਣ ਅਤੇ ਅੰਤਿਮ ਯਾਤਰਾ ਦੌਰਾਨ ਅਨੁਸ਼ਾਸਨ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹਾ ਹੈ।
ਦੱਸ ਦਈਏ ਕਿ ਉਹ ਬੀਤੀ 23 ਨਵੰਬਰ ਤੋਂ ਹਸਪਤਾਲ ਵਿੱਚ ਦਾਖਲ ਸਨ ਅਤੇ ਛਾਤੀ ਵਿੱਚ ਇਨਫੈਕਸ਼ਨ ਕਾਰਨ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ। 27 ਨਵੰਬਰ ਨੂੰ ਉਨ੍ਹਾਂ ਨੂੰ ਸੀਸੀਯੂ (CCU) ਵਿੱਚ ਤਬਦੀਲ ਕੀਤਾ ਗਿਆ ਸੀ, ਜਿੱਥੇ ਦੇਸੀ ਅਤੇ ਵਿਦੇਸ਼ੀ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ, ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਸੋਮਵਾਰ ਰਾਤ ਉਨ੍ਹਾਂ ਦੇ ਪੁੱਤਰ ਤਾਰਿਕ ਰਹਿਮਾਨ ਸਮੇਤ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
Posted By: Daily Suraj Bureau