FBI ਦੀ ਰਡਾਰ ’ਤੇ ਆਏ SHO ਗੁਰਿੰਦਰਜੀਤ ਸਿੰਘ ਨਾਗਰਾ ਕੌਣ ਹਨ? ਜਾਣੋ ਪੂਰਾ ਮਾਮਲਾ
ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਵੱਲੋਂ ਹਾਲ ਹੀ ਵਿੱਚ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਪੰਜਾਬ ਪੁਲੀਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਚਰਚਾ ਵਿੱਚ ਆ ਗਿਆ ਹੈ। FBI ਨੇ ਪੰਜਾਬ ਪੁਲੀਸ ਦੇ ਇਸ ਅਧਿਕਾਰੀ ਖ਼ਿਲਾਫ਼ ਕਰੀਬ 4 ਲੱਖ ਅਮਰੀਕੀ ਡਾਲਰ (ਲਗਭਗ 3.30 ਕਰੋੜ ਰੁਪਏ) ਦੀ ਕਥਿਤ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਗੁਰਿੰਦਰਜੀਤ ਸਿੰਘ ਨਾਗਰਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਪੁਲੀਸ ਥਾਣੇ ਵਿੱਚ ਐੱਸ.ਐੱਚ.ਓ. ਵਜੋਂ ਤਾਇਨਾਤ ਸਨ। ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪੰਜਾਬ ਪੁਲੀਸ ਨੇ ਉਨ੍ਹਾਂ ਦਾ ਤਬਾਦਲਾ ਕਰਕੇ ਪੁਲੀਸ ਲਾਈਨ ਹੁਸ਼ਿਆਰਪੁਰ ਭੇਜ ਦਿੱਤਾ। ਨਾਲ ਹੀ ਵਿਭਾਗ ਨੇ ਇਸ ਮਾਮਲੇ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। FBI ਦੇ ਦੋਸ਼ਾਂ ਅਨੁਸਾਰ, ਇਹ ਮਾਮਲਾ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਹੈ। ਏਜੰਸੀ ਦਾ ਦਾਅਵਾ ਹੈ ਕਿ ਪਰਿਵਾਰ ਨੂੰ ਭਾਰਤ ਵਿੱਚ ਦਰਜ ਇੱਕ ਕਤਲ ਕੇਸ ਵਿੱਚ ਕਥਿਤ ਤੌਰ ’ਤੇ ਫਸਾਉਣ ਦੀ ਧਮਕੀ ਦੇ ਕੇ ਵੱਡੀ ਰਕਮ ਦੀ ਮੰਗ ਕੀਤੀ ਗਈ। FBI ਨੇ ਇਸ ਸਬੰਧੀ ਆਪਣੇ ਲਾਸ ਏਂਜਲਸ ਦਫ਼ਤਰ ਦੀ ਵੈੱਬਸਾਈਟ ’ਤੇ ਜਾਣਕਾਰੀ ਜਾਰੀ ਕਰਨ ਦੇ ਨਾਲ ਇੱਕ ਵੀਡੀਓ ਬਿਆਨ ਵੀ ਸਾਂਝਾ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਜਾਂਚ ਹੁਸ਼ਿਆਰਪੁਰ ਤੋਂ ਬਾਹਰ ਜਲੰਧਰ ਤਬਦੀਲ ਕਰ ਦਿੱਤੀ ਹੈ। ਜਲੰਧਰ ਦੇ ਐੱਸ.ਪੀ. (ਇਨਵੈਸਟੀਗੇਸ਼ਨ) ਵਿਨੀਤ ਅਹਿਲਾਵਤ ਨੂੰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਵਿਭਾਗ ਨੂੰ ਰਿਪੋਰਟ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ FBI ਦੀ ਨਜ਼ਰ ਗੈਂਗਸਟਰਾਂ ’ਤੇ ਹੁੰਦੀ ਸੀ, ਪਰ ਹੁਣ ਪੰਜਾਬ ਪੁਲੀਸ ਦਾ ਇੱਕ ਅਧਿਕਾਰੀ ਹੀ ਉਸ ਦੀ ਰਡਾਰ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਪੁਲੀਸ ਦੀ ਸਾਖ ਪ੍ਰਭਾਵਿਤ ਹੁੰਦੀ ਹੈ। ਦੂਜੇ ਪਾਸੇ, ਪੰਜਾਬ ਪੁਲੀਸ ਨੇ ਕਿਹਾ ਹੈ ਕਿ ਮਿਆਣੀ ਕਤਲ ਕੇਸ ਵਿੱਚ FBI ਦੀ ਦਿਲਚਸਪੀ ਬਾਰੇ ਉਸ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਟਾਂਡਾ ਦੇ ਡੀ.ਐੱਸ.ਪੀ. ਦਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਵਿੱਚ FBI ਵੱਲੋਂ ਕੋਈ ਅਧਿਕਾਰਤ ਸੰਚਾਰ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੰਭਵ ਹੈ ਮੁਲਜ਼ਮਾਂ ਨੇ ਆਪਣੇ ਖ਼ਿਲਾਫ਼ ਭਾਰਤ ਵਿੱਚ ਦਰਜ ਕਤਲ ਕੇਸ ਦੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ FBI ਨਾਲ ਸੰਪਰਕ ਕੀਤਾ ਹੋਵੇ। ਪੰਜਾਬ ਪੁਲੀਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਾਮਲਾ ਇਸ ਸਮੇਂ ਜਾਂਚ ਅਧੀਨ ਹੈ ਅਤੇ FBI ਵੱਲੋਂ ਲਗਾਏ ਗਏ ਦੋਸ਼ਾਂ ਦੀ ਵਿਭਾਗੀ ਪੱਧਰ ’ਤੇ ਪੜਤਾਲ ਕੀਤੀ ਜਾ ਰਹੀ ਹੈ। FBI ਦੇ ਦੋਸ਼ ਪੱਤਰ ਅਨੁਸਾਰ, ਇਹ ਕਥਿਤ ਸਾਜ਼ਿਸ਼ ਕੈਲੀਫੋਰਨੀਆ ਦੇ ਸਟਾਕਟਨ ਤੋਂ ਲੈ ਕੇ ਪੰਜਾਬ ਦੇ ਟਾਂਡਾ ਤੱਕ ਫੈਲੀ ਹੋਈ ਸੀ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਟਾਂਡਾ ਦੇ ਪਿੰਡ ਮਿਆਣੀ ਵਿੱਚ 15 ਜਨਵਰੀ 2026 ਨੂੰ ਹੋਏ ਬਲਵਿੰਦਰ ਸਿੰਘ ਕਤਲ ਮਾਮਲੇ ਨੂੰ ਕਥਿਤ ਤੌਰ ’ਤੇ ਦਬਾਅ ਬਣਾਉਣ ਲਈ ਵਰਤਿਆ ਗਿਆ। ਐੱਫ.ਆਈ.ਆਰ. ਅਨੁਸਾਰ, ਉਸ ਘਟਨਾ ਵਿੱਚ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਲਖਵਿੰਦਰ ਸਿੰਘ ਜ਼ਖ਼ਮੀ ਹੋਇਆ ਸੀ। ਇਸ ਸਬੰਧ ਵਿੱਚ ਟਾਂਡਾ ਪੁਲੀਸ ਨੇ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 103 (ਕਤਲ), 109 (ਕਤਲ ਦੀ ਕੋਸ਼ਿਸ਼) ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। FBI ਦੇ ਦੋਸ਼ਾਂ ਅਨੁਸਾਰ, ਬਾਅਦ ਵਿੱਚ ਇਸ ਕਤਲ ਮਾਮਲੇ ਦੇ ਵੇਰਵਿਆਂ ਦੀ ਵਰਤੋਂ ਕਰਕੇ ਕੈਲੀਫੋਰਨੀਆ ਵਿੱਚ ਰਹਿੰਦੇ ਇੱਕ ਪਰਿਵਾਰ ਨੂੰ ਧਮਕਾਇਆ ਗਿਆ। ਏਜੰਸੀ ਦਾ ਕਹਿਣਾ ਹੈ ਕਿ 13 ਅਪ੍ਰੈਲ 2026 ਨੂੰ ਪਰਿਵਾਰ ਦੇ ਇੱਕ ਮੈਂਬਰ ਨਾਲ ਸੰਪਰਕ ਕਰਕੇ ਕਥਿਤ ਤੌਰ ’ਤੇ ਪੂਰੇ ਪਰਿਵਾਰ ਨੂੰ ਕਤਲ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ ਅਤੇ 16 ਅਪ੍ਰੈਲ ਨੂੰ 4 ਲੱਖ ਅਮਰੀਕੀ ਡਾਲਰ ਦੀ ਮੰਗ ਕੀਤੀ ਗਈ। ਮਾਮਲੇ ਦੀ ਜਾਂਚ ਅਤੇ ਵਿਭਾਗੀ ਕਾਰਵਾਈ ਜਾਰੀ ਹੈ।
Posted By: Daily Suraj Bureau