ਇਜ਼ਰਾਈਲ-ਲੈਬਨਾਨ ਤਣਾਅ ਬਰਕਰਾਰ, US-ਇਰਾਨ ਸਮਝੌਤਾ ਗੱਲਬਾਤ ਰੁਕੀ
ਲੈਬਨਾਨ ਵਿੱਚ ਸ਼ੁੱਕਰਵਾਰ ਨੂੰ ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਵੱਲੋਂ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਹਮਲਿਆਂ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ, ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਇਰਾਨ-ਅਮਰੀਕਾ ਸਮਝੌਤੇ ਤਹਿਤ ਇਜ਼ਰਾਈਲ ਅਤੇ ਲੈਬਨਾਨ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਦੀ ਗੱਲ ਕੀਤੀ ਗਈ ਸੀ। ਆਈਡੀਐੱਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਲੈਬਨਾਨ ਵਿੱਚ ਰਾਤ ਭਰ ਕਈ ਹਮਲੇ ਕੀਤੇ ਗਏ। ਇਜ਼ਰਾਈਲੀ ਫੌਜ ਦਾ ਦਾਅਵਾ ਹੈ ਕਿ ਇਹ ਕਾਰਵਾਈ ਹਿਜ਼ਬੁੱਲਾ ਵੱਲੋਂ ਜੰਗਬੰਦੀ ਦੀ ਵਾਰ-ਵਾਰ ਕੀਤੀ ਗਈ ਉਲੰਘਣਾ ਦੇ ਜਵਾਬ ਵਜੋਂ ਕੀਤੀ ਗਈ ਹੈ। ਇਸ ਦੌਰਾਨ ਕੂਟਨੀਤਿਕ ਮੋਰਚੇ 'ਤੇ ਵੀ ਅਹਿਮ ਘਟਨਾਕ੍ਰਮ ਸਾਹਮਣੇ ਆਇਆ ਹੈ। ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ, ਇਰਾਨ, ਕਤਰ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਯੋਜਨਾਬੱਧ ਗੱਲਬਾਤ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਏਐੱਨਆਈ ਨੂੰ ਈਮੇਲ ਰਾਹੀਂ ਭੇਜੇ ਗਏ ਜਵਾਬ ਵਿੱਚ ਸਵਿਸ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਵਿਟਜ਼ਰਲੈਂਡ ਇਸ ਗੱਲਬਾਤ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਮੰਤਰਾਲੇ ਨੇ ਦੱਸਿਆ ਕਿ ਬੁਰਗੇਨਸਟੌਕ ਵਿੱਚ ਤਿਆਰੀਆਂ ਜਾਰੀ ਹਨ, ਹਾਲਾਂਕਿ ਇਸ ਸਮੇਂ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਉੱਧਰ, ਵ੍ਹਾਈਟ ਹਾਊਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਫਿਲਹਾਲ ਸਵਿਟਜ਼ਰਲੈਂਡ ਨਹੀਂ ਜਾਣਗੇ ਕਿਉਂਕਿ ਗੱਲਬਾਤ ਦੇ ਪ੍ਰੋਗਰਾਮ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਮਰੀਕੀ ਵਫ਼ਦ ਪਹਿਲੇ ਉਪਲਬਧ ਮੌਕੇ 'ਤੇ ਰਵਾਨਾ ਹੋਣ ਲਈ ਤਿਆਰ ਹੈ ਅਤੇ ਜਿਵੇਂ ਹੀ ਅਗਲੇ ਕਦਮਾਂ ਬਾਰੇ ਸਪੱਸ਼ਟ ਜਾਣਕਾਰੀ ਮਿਲੇਗੀ, ਉਸ ਬਾਰੇ ਜਾਣੂ ਕਰਵਾਇਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਤਕਨੀਕੀ ਪੱਧਰ ਦੀਆਂ ਗੱਲਬਾਤਾਂ ਜਲਦੀ ਸ਼ੁਰੂ ਹੋਣ ਦੀ ਉਮੀਦ ਵੀ ਜਤਾਈ। ਦੂਜੇ ਪਾਸੇ, ਤਹਿਰਾਨ ਵਿੱਚ ਇਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰੇਤ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਮਝੌਤੇ ਦੀ ਕਿਸੇ ਵੀ ਪੱਖ ਵੱਲੋਂ ਉਲੰਘਣਾ ਕੀਤੀ ਜਾਂਦੀ ਹੈ ਤਾਂ ਪਹਿਲਾਂ ਤੋਂ ਤਿਆਰ ਕੀਤੀ ਗਈ ਯੋਜਨਾ ਅਨੁਸਾਰ ਜਵਾਬੀ ਕਾਰਵਾਈ ਕੀਤੀ ਜਾਵੇਗੀ। ਆਈਐੱਸਐੱਨਏ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕੌਂਸਲ ਨੇ ਕਿਹਾ ਕਿ ਉਹ ਵਿਰੋਧੀ ਪੱਖ ਦੇ ਪਿਛਲੇ ਰਵੱਈਏ ਨੂੰ ਦੇਖਦਿਆਂ ਪੂਰੀ ਸਾਵਧਾਨੀ ਅਤੇ ਬੇਭਰੋਸਗੀ ਨਾਲ ਗੱਲਬਾਤ ਦੀ ਪ੍ਰਕਿਰਿਆ ਅਤੇ ਸਮਝੌਤੇ ਦੇ ਲਾਗੂ ਹੋਣ 'ਤੇ ਨਜ਼ਰ ਰੱਖ ਰਹੀ ਹੈ। ਜੇਕਰ ਅਮਰੀਕੀ ਪੱਖ ਵੱਲੋਂ ਕਿਸੇ ਤਰ੍ਹਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਸ ਦਾ ਉਚਿਤ ਜਵਾਬ ਦਿੱਤਾ ਜਾਵੇਗਾ।
Posted By: Daily Suraj Bureau