ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਪਹਿਲ: ਚੌਥੇ ਸਾਲਾਨਾ ਧਾਰਮਿਕ ਸਮਾਗਮ ‘ਚ ਸ਼ਰਧਾ ਦਾ ਸੈਲਾਬ
ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਦੇ ਜੱਥੇ ਵੱਲੋਂ ਰਸ-ਭਿੰਨਾ ਸ਼ਬਦ ਗਾਇਨ ਲਗਾਇਆ ਗਿਆ ਦਸਤਾਰਾਂ ਦਾ ਲੰਗਰ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ-1 ਦੇ ਗੁਰਦੁਆਰਾ ਸਾਹਿਬ ਵਿਖੇ ਚੌਥਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੇਂ ਸਾਲ ਦੀ ਆਮਦ ਮੌਕੇ ਕਰਵਾਏ ਇਸ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਜੀ ਦੇ ਜੱਥੇ ਵੱਲੋਂ ਰਸ-ਭਿੰਨਾ ਕੀਰਤਨ ਕੀਤਾ ਗਿਆ।ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਸਿਵਲ ਸਕੱਤਰੇਤ-1, ਪੰਜਾਬ ਸਿਵਲ ਸਕੱਤਰੇਤ-2, ਸੀ.ਆਈ.ਐਸ.ਐਫ. ਅਤੇ ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਲੋਕ ਸੰਪਰਕ ਵਿਭਾਗ ਦੇ ਮੌਜੂਦਾ ਤੇ ਸੇਵਾ ਮੁਕਤ ਅਧਿਕਾਰੀਆਂ ਅਤੇ ਮੀਡੀਆ ਕਰਮੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਵਿਭਾਗ ਦੇ ਸਮੂਹ ਸਟਾਫ ਵੱਲੋਂ ਲੰਗਰ ਦੀ ਸੇਵਾ ਖੁਦ ਕੀਤੀ ਗਈ।ਸੰਗਤ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਕਰਵਾਏ ਧਾਰਮਿਕ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਇਸ ਮੌਕੇ ਦਸਤਾਰਾਂ ਦਾ ਲੰਗਰ ਵਿਸ਼ੇਸ਼ ਤੌਰ ਉੱਤੇ ਲਗਾਇਆ ਗਿਆ।
ਵਿਭਾਗ ਦੇ ਸਾਬਕਾ ਮੁਲਾਜ਼ਮ ਅਤੇ ਪ੍ਰਵਾਸੀ ਪੰਜਾਬੀ ਆਲੀਸ਼ਾਨ ਨਰੂਲਾ ਵੱਲੋਂ ਉਚੇਚੇ ਤੌਰ ਉੱਤੇ ਦਸਤਾਰਾਂ ਦੀ ਸੇਵਾ ਨਿਭਾਈ ਗਈ ਅਤੇ ਧਾਰਮਿਕ ਸਮਾਗਮ ਦੌਰਾਨ ਸਮੂਹ ਸਟਾਫ ਨੇ ਰੰਗ-ਬਿਰੰਗੀਆਂ ਦਸਤਾਰਾਂ ਸਜਾ ਕੇ ਸੇਵਾ ਕੀਤੀ।ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਐਡਵੋਕੇਟ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ ਤੇ ਹਰਦੀਪ ਸਿੰਘ ਮੁੰਡੀਆਂ, ਆਪ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ, ਲੋਕ ਸੰਪਰਕ ਵਿਭਾਗ ਦੇ ਸਕੱਤਰ ਰਾਮਵੀਰ, ਆਮ ਰਾਜ ਪ੍ਰਬੰਧ ਦੇ ਸਕੱਤਰ ਗੌਰੀ ਪ੍ਰਾਸ਼ਰ ਜੋਸ਼ੀ, ਸਪੈਸ਼ਲ ਡੀਜੀਪੀ ਅਮਰਦੀਪ ਸਿੰਘ ਰਾਏ, ਮੁੱਖ ਮੰਤਰੀ ਦੇ ਓਐਸਡੀ (ਮੀਡੀਆ) ਅਮਨਜੋਤ ਸਿੰਘ ਤੇ ਡਾਇਰੈਕਟਰ ਮੀਡੀਆ ਕਮਿਊਨੀਕੇਸ਼ਨ ਅਨਿਲ ਸੈਣੀ, ਲੋਕ ਸੰਪਰਕ ਦੇ ਡਾਇਰੈਕਟਰ ਅਕਸ਼ਿਤਾ ਗੁਪਤਾ, ਵਧੀਕ ਡਾਇਰੈਕਟਰ ਸੰਦੀਪ ਸਿੰਘ ਗੜ੍ਹਾ ਤੇ ਡਿਪਟੀ ਸਕੱਤਰ ਦੀਪਾਂਕਰ ਗਰਗ, ਆਮ ਰਾਜ ਪ੍ਰਬੰਧ ਦੇ ਸੰਯੁਕਤ ਸਕੱਤਰ ਤੇਜਦੀਪ ਸਿੰਘ ਸੈਣੀ, ਏਡੀਓ-1 ਸੁਖਵਿੰਦਰ ਸਿੰਘ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਤੇ ਡਾ ਨਿਰਮਲ ਜੌੜਾ ਨੇ ਵਿਸ਼ੇਸ਼ ਤੌਰ ਉਤੇ ਹਾਜ਼ਰੀ ਭਰੀ।
Posted By: Daily Suraj Bureau