ਕਾਲੀਆਂ ਝੰਡੀਆਂ ਦੇ ਐਲਾਨ ਤੋਂ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ, ਮੁਲਾਜ਼ਮ ਆਗੂ ਰੋਸ ਵਿੱਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੁਸ਼ਿਆਰਪੁਰ ਆਮਦ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ OPS (ਪੁਰਾਣੀ ਪੈਨਸ਼ਨ ਸਕੀਮ) ਨਾਲ ਸੰਬੰਧਤ ਮੁਲਾਜ਼ਮ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲੀਸ ਸਵੇਰੇ ਤੜਕੇ ਹੀ ਆਗੂਆਂ ਦੇ ਘਰਾਂ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਰੋਕ ਦਿੱਤਾ ਗਿਆ। ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ ਅਤੇ ਮੀਟਿੰਗਾਂ ਤੋਂ ਵੀ ਕਿਨਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ NPS (ਨਵੀਂ ਪੈਨਸ਼ਨ ਸਕੀਮ) ਹੇਠ ਆਉਂਦੇ ਮੁਲਾਜ਼ਮਾਂ ਵਿੱਚ ਇਸ ਕਾਰਨ ਗਹਿਰਾ ਰੋਸ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ CPF ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਮੁੱਖ ਮੰਤਰੀ ਦੇ ਵੱਖ-ਵੱਖ ਜਨਤਕ ਪ੍ਰੋਗਰਾਮਾਂ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ। ਇਸਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਜਿਕਰਯੋਗ ਹੈ ਕਿ 7 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਸਬਾ ਹਰਿਆਣਾ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਲਈ ਪਹੁੰਚਣਾ ਸੀ। ਇਸ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਨੇ ਸੰਭਾਵਿਤ ਵਿਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਜਸਵੀਰ ਤਲਵਾੜਾ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ, ਜਦਕਿ ਸੰਜੀਵ ਧੂਤ ਅਤੇ ਨਿਤਿਨ ਮਹਿਰਾ ਨੂੰ ਥਾਣਿਆਂ ਵਿੱਚ ਰੱਖਿਆ ਗਿਆ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ ਅਤੇ ਇਸ ਤਰ੍ਹਾਂ ਦੀ ਕਾਰਵਾਈ ਨਾਲ ਮੁਲਾਜ਼ਮਾਂ ਦੇ ਰੋਸ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੁੱਖ ਮੰਤਰੀ ਜਿੱਥੇ ਵੀ ਜਾਣਗੇ, ਉਥੇ NPS ਮੁਲਾਜ਼ਮ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ।
Posted By: Daily Suraj Bureau