Daily Suraj

ਪੰਜਾਬੀ

ਫਰੀਦਕੋਟ ਕੇਂਦਰੀ ਜੇਲ੍ਹ ‘ਚ ਕੈਦੀ ਨੇ ਕੀਤੀ ਖੁਦਕੁਸ਼ੀ, 10 ਦਿਨਾਂ ‘ਚ ਤੀਜਾ ਮਾਮਲਾ

05 May, 2026 01:59 PM

ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਸੋਮਵਾਰ ਰਾਤ ਇੱਕ ਕੈਦੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਜੋਂ ਹੋਈ ਹੈ, ਜੋ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਠਗੜ੍ਹ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਕਰੀਬ 11 ਸਾਲ ਪਹਿਲਾਂ ਦਰਜ ਹੋਏ ਕਤਲ ਦੇ ਕੇਸ ਵਿੱਚ ਸਜ਼ਾ ਕੱਟ ਰਿਹਾ ਸੀ, ਜੋ ਪੁਲਿਸ ਸਟੇਸ਼ਨ ਸਦਰ ਜਲਾਲਾਬਾਦ ਵਿੱਚ ਦਰਜ ਕੀਤਾ ਗਿਆ ਸੀ। ਜੇਲ੍ਹ ਪ੍ਰਸ਼ਾਸਨ ਮੁਤਾਬਕ ਕੈਦੀ ਨੇ ਆਪਣੀ ਬੈਰਕ ਦੇ ਬਾਥਰੂਮ ਵਿੱਚ ਫਾਹਾ ਲਗਾ ਲਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਉਸਨੂੰ ਤੁਰੰਤ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਫਰੀਦਕੋਟ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਾਮਲੇ ਦੀ ਜਾਂਚ ਇਸ ਵੇਲੇ ਜੇਲ੍ਹ ਪ੍ਰਸ਼ਾਸਨ ਅਤੇ ਸਿਟੀ ਫਰੀਦਕੋਟ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਵਿੱਚ ਇਹ ਜੇਲ੍ਹ ਅੰਦਰ ਖੁਦਕੁਸ਼ੀ ਦਾ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਲੁਧਿਆਣਾ ਨਾਲ ਸੰਬੰਧਤ ਕੈਦੀ ਜੁਗਨੂੰ ਬਾਬਾ ਨੇ ਖੁਦਕੁਸ਼ੀ ਕੀਤੀ ਸੀ, ਜਦਕਿ 3 ਮਈ ਨੂੰ ਫਿਰੋਜ਼ਪੁਰ ਦੇ ਕੈਦੀ ਸਵਰਨਜੀਤ ਸਿੰਘ ਵੱਲੋਂ ਵੀ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਦੇ ਮਾਨਸਿਕ ਤਣਾਅ ਨੂੰ ਘਟਾਉਣ ਲਈ ਸਮੇਂ-ਸਮੇਂ ‘ਤੇ ਯਤਨ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਲਾਹ-ਮਸ਼ਵਰਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਘਰੇਲੂ ਸਮੱਸਿਆਵਾਂ ਜਾਂ ਪਰਿਵਾਰ ਨਾਲ ਲੰਬੇ ਸਮੇਂ ਤੱਕ ਸੰਪਰਕ ਨਾ ਹੋਣ ਕਾਰਨ ਕੈਦੀ ਮਾਨਸਿਕ ਦਬਾਅ ਵਿੱਚ ਆ ਜਾਂਦੇ ਹਨ ਅਤੇ ਅਜਿਹੇ ਕਦਮ ਚੁੱਕ ਲੈਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਲਈ ਕਾਊਂਸਲਿੰਗ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਉਹ ਮਾਨਸਿਕ ਤੌਰ ‘ਤੇ ਸਿਹਤਮੰਦ ਰਹਿ ਸਕਣ।

Posted By: Daily Suraj Bureau

Latest News