Daily Suraj

ਪੰਜਾਬੀ

ਪਾਕਿਸਤਾਨ ਵਿੱਚ ਇਤਿਹਾਸਕ ਗੁਰਦੁਆਰਾ ਵੇਚਣ ਤੇ ਢਾਹੁਣ ਦਾ ਮਾਮਲਾ, ਸਿੱਖ ਭਾਈਚਾਰੇ ‘ਚ ਰੋਸ

02 Mar, 2026 01:15 PM

ਪਾਕਿਸਤਾਨ ਦੇ ਐਬਟਾਬਾਦ ਤੋਂ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੇਚਣ ਅਤੇ ਢਾਹੁਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਸਿੱਖ ਭਾਈਚਾਰੇ ਵਿੱਚ ਚਿੰਤਾ ਅਤੇ ਰੋਸ ਪੈਦਾ ਹੋ ਗਿਆ ਹੈ। ਰਿਪੋਰਟਾਂ ਮੁਤਾਬਕ, ਖੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਇੱਕ ਅਧਿਕਾਰੀ ਵੱਲੋਂ ਕਥਿਤ ਤੌਰ ‘ਤੇ 1 ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਵੇਚ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਅਧਿਕਾਰੀ ਨੇ ਗੁਰਦੁਆਰੇ ਦੀ ਇਮਾਰਤ ਨੂੰ ਢਾਹੁਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ, ਹੁਣ ਖਰੀਦਦਾਰ ਇਸ ਥਾਂ ‘ਤੇ ਆਪਣੀਆਂ ਪਤਨੀਆਂ ਲਈ ਬੁਟੀਕ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਜਿਵੇਂ ਗੁਰਦੁਆਰਿਆਂ ਅਤੇ ਮੰਦਰਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਸੰਸਥਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਨੇ ਸੰਬੰਧਿਤ ਅਧਿਕਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ ਅਤੇ ਸਰਕਾਰ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁਰੱਖਿਅਤ ਰੱਖਣ ਲਈ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਵਿੱਚ ਸਥਿਤ ETPB ਦੇ ਪ੍ਰਸ਼ਾਸਕ ਨੇ ਸਿੱਖ ਰਾਜ ਦੌਰਾਨ ਬਣੇ ਇਸ ਗੁਰਦੁਆਰੇ ਦਾ ਕਬਜ਼ਾ ਇੱਕ ਸਥਾਨਕ ਨਿਵਾਸੀ ਵਾਹਿਦ ਬਾਲਾ ਨੂੰ ਸੌਂਪ ਦਿੱਤਾ। ਕਥਿਤ ਤੌਰ ‘ਤੇ ਗੁਰਦੁਆਰੇ ਨੂੰ ਢਾਹ ਕੇ ਉਸਦੀ ਜਗ੍ਹਾ ‘ਤੇ ਕੱਪੜਿਆਂ ਦੀ ਬੁਟੀਕ ਬਣਾਉਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ, ਵਾਹਿਦ ਬਾਲਾ ਨੇ ਇਹ ਜ਼ਮੀਨ ਖਰੀਦ ਕੇ ਆਪਣੀਆਂ ਦੋ ਪਤਨੀਆਂ ਰੀਦਾ ਜਾਦੂਨ ਅਤੇ ਆਇਸ਼ਾ ਵਾਹਿਦ ਦੇ ਨਾਮ ਕਰ ਦਿੱਤੀ ਹੈ ਅਤੇ ਉਹ ਜਲਦ ਹੀ ਉੱਥੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।

Posted By: Daily Suraj Bureau

Latest News