Daily Suraj

ਪੰਜਾਬੀ

ਸੜਕ ਹਾਦਸੇ ਵਿਚ ਪਿਉ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀ

03 Feb, 2019 05:30 AM

ਸੰਗਰੂਰ, ਇੱਥੇ ਪੁਲੀਸ ਲਾਈਨ ਨਜ਼ਦੀਕ ਇਕ ਕਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ ’ਚ ਮੋਟਰਸਾਈਕਲ ਸਵਾਰ ਪਿਤਾ-ਪੁੱਤ ਦੀ ਮੌਤ ਹੋ ਗਈ ਹੈ, ਜਦੋਂਕਿ ਮਾਂ-ਧੀ ਜ਼ਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਥਾਣਾ ਸਿਟੀ-1 ਦੇ ਐੱਸ.ਐੱਚ.ਓ. ਰਮਨਦੀਪ ਸਿੰਘ ਨੇ ਦੱਸਿਆ ਕਿ ਮੁਹੰਮਦ ਇਰਸ਼ਾਦ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਜਗਦੰਬਾ ਰਾਈਸ ਮਿੱਲਜ਼, ਸੰਗਰੂਰ ਆਪਣੀ ਪਤਨੀ ਸਾਜਮਾ ਬੇਗ਼ਮ, ਬੇਟੀ ਖੁਸ਼ਨੁਮਾ ਤੇ ਬੇਟੇ ਮੁਹੰਮਦ ਅਮਨ ਨਾਲ ਮੋਟਰਸਾਈਕਲ ’ਤੇ ਸੰਗਰੂਰ ਤੋਂ ਮਸਤੂਆਣਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ। ਉਹ ਬਰਨਾਲਾ ਰੋਡ ਓਵਰਬ੍ਰਿਜ ਲੰਘ ਕੇ ਪੁਲੀਸ ਲਾਈਨ ਨਜ਼ਦੀਕ ਪੁੱਜੇ ਤਾਂ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਚਾਰੇ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਮੁਹੰਮਦ ਇਰਸ਼ਾਦ (35) ਅਤੇ ਉਸ ਦੇ ਬੇਟੇ ਮੁਹੰਮਦ ਅਮਨ (8) ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰੈਫਰ ਕਰ ਦਿੱਤਾ, ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਮੁਹੰਮਦ ਇਰਸ਼ਾਦ ਮੂਲ ਰੂਪ ਵਿਚ ਉਤਰ ਪ੍ਰਦੇਸ਼ ਦਾ ਵਸਨੀਕ ਸੀ, ਜੋ ਪਿਛਲੇ ਲੰਮੇ ਸਮੇਂ ਤੋਂ ਇੱਥੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ।ਥਾਣਾ ਮੁਖੀ ਅਨੁਸਾਰ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ, 279, 337, 338, 427 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਦਾ ਪਤਾ ਲਾਇਆ ਜਾ ਰਿਹਾ ਹੈ, ਜਿਸ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Posted By: Daily Suraj Bureau

Latest News