Daily Suraj

ਪੰਜਾਬੀ

ਬਿਜਲੀ 'ਤੇ ਘਮਾਸਾਨ : ਭਗਵੰਤ ਮਾਨ ਬੋਲੇ- ਮੋਤੀ ਮਹਿਲ ਦੀ ਬੱਤੀ ਕਰਾਂਗੇ ਗੁੱਲ, ਬ੍ਰਹਮਪੁਰਾ ਦਾ ਸੁਖਬੀਰ 'ਤੇ ਦੋਸ਼

22 Feb, 2020 05:30 AM

ਚੰਡੀਗੜ੍ਹ : ਜੇਕਰ ਵਿਧਾਨ ਸਭਾ ਦੇ ਮੌਜੂਦਾ ਬਜਟ ਇਜਲਾਸ ਦੌਰਾਨ ਨਿੱਜੀ ਥਰਮਲ ਪਲਾਂਟਾਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਗਏ ਮਹਿੰਗੇ ਅਤੇ ਮਾਰੂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਨਾ ਕੀਤੇ ਗਏ ਤਾਂ ਆਪ 16 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਬਿਜਲੀ ਕੁਨੈਕਸ਼ਨ ਕੱਟੇਗੀ। ਇਹ ਚਿਤਾਵਨੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦਿੱਤੀ।ਮਾਨ ਤੇ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲਾਂ ਵਾਂਗ ਦਲਾਲੀ ਬੰਨ੍ਹ ਲਈ ਹੈ। ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਤਾਂ ਬਿਜਲੀ ਕੰਪਨੀਆਂ ਦਾ ਆਡਿਟ ਕਰਵਾਇਆ ਤੇ ਨਾ ਹੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਮਹਿੰਗੇ ਅਤੇ ਇਕ ਪਾਸੜ ਬਿਜਲੀ ਖ਼ਰੀਦ ਸਮਝੌਤੇ ਰਿਵਿਊ ਕੀਤੇ। ਜਦਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਇਹ ਲਿਖਤੀ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਤੁਰੰਤ ਬਾਅਦ ਨਾਜਾਇਜ਼ ਸ਼ਰਤਾਂ ਵਾਲੇ ਬਿਜਲੀ ਸਮਝੌਤੇ ਰਿਵਿਊ ਕੀਤੇ ਜਾਣਗੇ ਤੇ ਰੱਦ ਕੀਤੇ ਜਾਣਗੇ ਅਤੇ ਇਨ੍ਹਾਂ ਦਾ ਆਡਿਟ ਕਰਵਾਇਆ ਜਾਵੇਗਾ।ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਲੋਕ ਹਿਤੈਸ਼ੀ ਹੁੰਦੀ ਤਾਂ ਉਹ ਸਰਕਾਰ ਬਣਦਿਆਂ ਹੀ ਬਿਜਲੀ ਮਾਫ਼ੀਆ 'ਤੇ ਨਕੇਲ ਕੱਸ ਦਿੰਦੇ ਪਰ ਅਜਿਹਾ ਨਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਬਿਜਲੀ ਕੰਪਨੀਆਂ ਦੇ ਹੱਕ 'ਚ ਭੁਗਤਣ ਲਈ ਬਾਦਲਾਂ ਤੋਂ ਵੀ ਅੱਗੇ ਨਿਕਲ ਗਏ ਹਨ। ਜੇਕਰ ਸਰਕਾਰ ਨੇ ਬਜਟ ਇਜਲਾਸ ਦੌਰਾਨ ਸਮਝੌਤੇ ਰੱਦ ਨਹੀਂ ਕੀਤੇ ਤਾਂ ਆਪ ਵੱਲੋਂ 16 ਮਾਰਚ ਨੂੰ ਪਹਿਲਾਂ ਪਾਵਰਕਾਮ ਦੇ ਪਟਿਆਲਾ ਸਥਿਤ ਹੈੱਡਕੁਆਟਰ ਵਿਖੇ ਬਿਜਲੀ ਸਮਝੌਤਿਆਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ ਫੇਰ ਮੋਤੀ ਮਹਿਲ ਵੱਲ ਕੂਚ ਕਰ ਕੇ ਮੋਤੀ ਮਹਿਲ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾਵੇਗਾ।

Posted By: Daily Suraj Bureau

Latest News