Daily Suraj

ਪੰਜਾਬੀ

ਦਿਲਜੀਤ ਦੋਸਾਂਝ ਦੇ ਨਾਮ ਇੱਕ ਹੋਰ ਉਪਲਬਧੀ, ਲਾਸ ਏਂਜਲਸ ‘ਚ ਮਨਾਇਆ ਜਾਵੇਗਾ ‘ਦਿਲਜੀਤ ਦੋਸਾਂਝ ਦਿਵਸ’

19 Jun, 2026 04:45 PM

ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਮਾਤਾ ਦਿਲਜੀਤ ਦੋਸਾਂਝ ਨੇ ਇੱਕ ਹੋਰ ਅਹਿਮ ਉਪਲਬਧੀ ਆਪਣੇ ਨਾਮ ਦਰਜ ਕਰ ਲਈ ਹੈ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਛਾਣ ਦਿਵਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਲਾਸ ਏਂਜਲਸ ਸਿਟੀ ਕੌਂਸਲ ਨੇ 6 ਜਨਵਰੀ 2027 ਨੂੰ ਅਧਿਕਾਰਕ ਤੌਰ ‘ਤੇ ‘ਦਿਲਜੀਤ ਦੋਸਾਂਝ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਪ੍ਰਸਤਾਵ ਕੌਂਸਲਵੁਮਨ ਮੋਨਿਕਾ ਰੌਡਰਿਗਜ਼ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਸਿਟੀ ਕੌਂਸਲ ਨੇ ਮਨਜ਼ੂਰੀ ਦਿੱਤੀ। ਇਸ ਪ੍ਰਸਤਾਵ ਰਾਹੀਂ ਭਾਰਤ ਵਿੱਚ ਜੰਮੇ ਦਿਲਜੀਤ ਦੋਸਾਂਝ ਨੂੰ ਪੰਜਾਬੀ ਸੰਗੀਤ ਨੂੰ ਵਿਸ਼ਵ ਭਰ ਤੱਕ ਪਹੁੰਚਾਉਣ ਅਤੇ ਅਮਰੀਕਾ ਦੇ ਮੁੱਖਧਾਰਾ ਸੱਭਿਆਚਾਰ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੀ ਨੁਮਾਇੰਦਗੀ ਨੂੰ ਮਜ਼ਬੂਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਨੇ ਆਪਣੇ ਸੰਗੀਤ, ਫ਼ਿਲਮਾਂ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਪੇਸ਼ਕਾਰੀਆਂ ਰਾਹੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਛਾਣ ਦਿਵਾਈ ਹੈ। ਉਨ੍ਹਾਂ ਦੀ ਲੋਕਪ੍ਰਿਯਤਾ ਸਿਰਫ਼ ਭਾਰਤ ਤੱਕ ਸੀਮਿਤ ਨਹੀਂ ਰਹੀ, ਸਗੋਂ ਉਹ ਦੁਨੀਆ ਭਰ ਵਿੱਚ ਪੰਜਾਬੀ ਭਾਈਚਾਰੇ ਅਤੇ ਸੰਗੀਤ ਪ੍ਰੇਮੀਆਂ ਵਿਚਕਾਰ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਕਈ ਪ੍ਰਸ਼ੰਸਕਾਂ ਨੇ ਦਿਲਜੀਤ ਨੂੰ ਵਧਾਈ ਦਿੰਦਿਆਂ ਇਸ ਸਨਮਾਨ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਇੱਕ ਪ੍ਰਸ਼ੰਸਕ ਨੇ ਲਿਖਿਆ, “ਬੱਲੇ ਬੱਲੇ, ਮੁਬਾਰਕਾਂ”, ਜਦਕਿ ਦੂਜੇ ਨੇ ਟਿੱਪਣੀ ਕੀਤੀ, “ਕਿੱਥੋਂ ਕੋਈ ਕਰ ਲਵੇ ਮੁਕਾਬਲਾ, ਮਾਣ ਹੈ ਤੁਹਾਡੇ ‘ਤੇ ਦੋਸਾਂਝ ਸਾਹਿਬ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਪੰਜਾਬੀ ਛਾ ਗਏ ਓਏ।” ਲਾਸ ਏਂਜਲਸ ਵੱਲੋਂ ਦਿੱਤੀ ਗਈ ਇਹ ਮਾਨਤਾ ਨਾ ਸਿਰਫ਼ ਦਿਲਜੀਤ ਦੋਸਾਂਝ ਦੀ ਨਿੱਜੀ ਪ੍ਰਾਪਤੀ ਮੰਨੀ ਜਾ ਰਹੀ ਹੈ, ਸਗੋਂ ਇਸ ਨੂੰ ਪੰਜਾਬੀ ਭਾਸ਼ਾ, ਸੰਗੀਤ ਅਤੇ ਸੱਭਿਆਚਾਰ ਲਈ ਵੀ ਅੰਤਰਰਾਸ਼ਟਰੀ ਪੱਧਰ ‘ਤੇ ਮਿਲਿਆ ਇੱਕ ਮਹੱਤਵਪੂਰਨ ਸਨਮਾਨ ਮੰਨਿਆ ਜਾ ਰਿਹਾ ਹੈ।

Posted By: Daily Suraj Bureau

Latest News