Daily Suraj

ਪੰਜਾਬੀ

ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਪੰਜਾਬ ਵਿੱਚ ਜਨਗਣਨਾ 2027 ਲਈ ਰਾਜ ਪੱਧਰੀ ਕਾਨਫਰੰਸ

27 Feb, 2026 06:09 PM

ਪੰਜਾਬ ਵਿੱਚ ਜਨਗਣਨਾ 2027 ਦੇ ਪਹਿਲੇ ਪੜਾਅ (ਘਰਾਂ ਦੇ ਸੂਚੀਕਰਨ) ਲਈ ਤਿਆਰੀਆਂ ਸ਼ੁਰੂ ਕਰਦਿਆਂ, ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਲਈ ਇੱਕ ਰੋਜ਼ਾ ਰਾਜ ਪੱਧਰੀ ਕਾਨਫਰੰਸ ਅੱਜ ਹੋਟਲ ਮਾਊਂਟ ਵਿਊ, ਚੰਡੀਗੜ੍ਹ ਵਿੱਚ ਕਰਵਾਈ ਗਈ। ਇਹ ਕਾਨਫਰੰਸ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਅਤੇ ਡਾਇਰੈਕਟੋਰੇਟ ਜਨਗਣਨਾ ਸੰਚਾਲਨ, ਪੰਜਾਬ ਵੱਲੋਂ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਗਈ। ਕਾਨਫਰੰਸ ਦਾ ਮੁੱਖ ਉਦੇਸ਼ ਖੇਤਰ ਪੱਧਰੀ ਪ੍ਰਸ਼ਾਸਕੀ ਮੁਖੀਆਂ ਨੂੰ ਜਨਗਣਨਾ 2027 ਦੇ ਪਹਿਲੇ ਪੜਾਅ ਦੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਉਣਾ ਸੀ। ਇਸ ਪੜਾਅ ਵਿੱਚ ਘਰਾਂ ਦੇ ਸੂਚੀਕਰਨ ਅਤੇ ਮਕਾਨ ਜਨਗਣਨਾ 15 ਮਈ, 2026 ਤੋਂ 13 ਜੂਨ, 2026 ਤੱਕ ਕਰਵਾਈ ਜਾਵੇਗੀ। ਜਨਤਾ ਲਈ ਸਵੈ-ਗਣਨਾ 30 ਅਪ੍ਰੈਲ ਤੋਂ 14 ਮਈ, 2026 ਤੱਕ ਉਪਲਬਧ ਰਹੇਗੀ। ਦੂਜਾ ਪੜਾਅ ਫਰਵਰੀ 2027 ਵਿੱਚ ਕਰਵਾਇਆ ਜਾਵੇਗਾ। ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਜਨਗਣਨਾ ਦੇ ਕੌਮੀ ਮਹੱਤਵ ਤੇ ਚਾਨਣਾ ਪਾਇਆ ਅਤੇ ਸਬੂਤ-ਅਧਾਰਿਤ ਪ੍ਰਸ਼ਾਸਨ, ਭਲਾਈ ਯੋਜਨਾਵਾਂ ਅਤੇ ਸਰੋਤਾਂ ਦੀ ਸਮਾਨ ਵੰਡ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਾਰਦਰਸ਼ਤਾ, ਅੰਕੜਿਆਂ ਦੀ ਸਟੀਕਤਾ ਅਤੇ ਸਮਾਂ-ਸੀਮਾਵਾਂ ਦੀ ਪਾਲਣਾ ਦੀ ਅਹਿਮੀਅਤ ਤੇਜ਼ ਕੀਤੀ ਅਤੇ ਸਾਰੇ ਅਧਿਕਾਰੀਆਂ ਨੂੰ ਸੁਚੱਜੀ ਯੋਜਨਾਬੰਦੀ ਅਤੇ ਵਿਭਾਗੀ ਤਾਲਮੇਲ ਯਕੀਨੀ ਬਣਾਉਣ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਨਗਣਨਾ 2027 ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਤੇ ਡਿਜੀਟਲ ਪ੍ਰਕਿਰਿਆ ਅਤੇ ਪ੍ਰਸ਼ਾਸਕੀ ਅਨੁਸ਼ਾਸਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਸਕੱਤਰ ਨੇ ਜਨਗਣਨਾ 2027 ਦਾ ਪੰਜਾਬੀ ਲੋਗੋ ਜਾਰੀ ਕੀਤਾ। ਨਾਲ ਹੀ ਅੱਪਡੇਟ ਕੀਤੇ ਮਾਲੀਆ ਨਕਸ਼ੇ (ਜ਼ਿਲ੍ਹੇ ਅਤੇ ਤਹਿਸੀਲਾਂ) ਅਤੇ ਸ਼ਹਿਰੀ ਸਥਾਨਕ ਇਕਾਈਆਂ ਦੇ ਨਕਸ਼ੇ ਵੀ ਜਨਤਾ ਲਈ ਉਪਲਬਧ ਕਰਵਾਏ। ਡਾਇਰੈਕਟਰ, ਸੈਂਸਜ਼ ਆਪਰੇਸ਼ਨਜ਼, ਪੰਜਾਬ ਡਾ. ਨਵਜੋਤ ਖੋਸਾ ਨੇ ਕਾਨਫਰੰਸ ਦੌਰਾਨ ਅਧਿਕਾਰੀਆਂ ਨੂੰ ਜਨਗਣਨਾ 2027 ਲਈ ਰੋਡਮੈਪ ਅਤੇ ਰਣਨੀਤਿਕ ਢਾਂਚਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਜਨਗਣਨਾ ਐਕਟ, 1948 ਅਤੇ ਜਨਗਣਨਾ ਨਿਯਮ, 1990 ਦੇ ਅਧੀਨ ਵਿਧਾਨਕ ਆਦੇਸ਼ਾਂ ਅਤੇ ਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ। ਡਾ. ਖੋਸਾ ਨੇ ਇਹ ਵੀ ਕਿਹਾ ਕਿ ਪਹਿਲਾ ਪੜਾਅ ਦੂਜੇ ਪੜਾਅ ਲਈ ਮਜ਼ਬੂਤ ਨੀਂਹ ਵਜੋਂ ਕੰਮ ਕਰੇਗਾ ਅਤੇ ਘਰਾਂ ਦੇ ਸੂਚੀਕਰਨ ਦੌਰਾਨ ਗੁਣਵੱਤਾ ਅਤੇ ਸਟੀਕਤਾ ਸਾਰੀ ਜਨਗਣਨਾ ਦੀ ਸਫਲਤਾ ਨਿਰਧਾਰਤ ਕਰਨਗੀਆਂ। ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੇ ਜਿਲ੍ਹਾ ਪੱਧਰੀ ਤਿਆਰੀਆਂ, ਲੌਜਿਸਟਿਕਸ, ਸਿਖਲਾਈ ਯੋਜਨਾਵਾਂ, ਪੇਂਡੂ ਅਤੇ ਸ਼ਹਿਰੀ ਕਵਰੇਜ ਰਣਨੀਤੀਆਂ ਅਤੇ ਸਥਾਨਕ ਸੰਸਥਾਵਾਂ ਨਾਲ ਤਾਲਮੇਲ ਦੇ ਤਰੀਕੇ ਬਾਰੇ ਵਿਚਾਰ-ਵਟਾਂਦਰੇ ਕੀਤੇ। ਕਾਨਫਰੰਸ ਵਿੱਚ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਸਮੇਂ ਸਿਰ ਸਰੋਤ ਜੁਟਾਉਣ, ਕੇਂਦਰੀ ਸਹਾਇਤਾ ਲੈਣ ਅਤੇ ਜ਼ਿਲ੍ਹਿਆਂ ਵਿੱਚ ਲਾਗੂਕਰਨ ਵਿੱਚ ਇਕਸਾਰਤਾ ਬਣਾਈ ਰੱਖਣ ‘ਤੇ ਵੀ ਚਰਚਾ ਹੋਈ। ਕਾਨਫਰੰਸ ਦਾ ਸਮਾਪਨ ਸਥਾਨਕ ਸਰਕਾਰ, ਪੰਜਾਬ ਦੇ ਸਕੱਤਰ ਸ੍ਰੀ ਮਨਜੀਤ ਸਿੰਘ ਬਰਾੜ ਦੁਆਰਾ ਧੰਨਵਾਦ ਦੇ ਮਤੇ ਨਾਲ ਕੀਤਾ ਗਿਆ। ਪੰਜਾਬ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਨਗਣਨਾ 2027 ਪਾਰਦਰਸ਼ੀ, ਸਮਾਵੇਸ਼ੀ, ਸਟੀਕ ਅਤੇ ਤਕਨਾਲੋਜੀ-ਅਧਾਰਤ ਤਰੀਕੇ ਨਾਲ ਨਿਰਧਾਰਤ ਸਮਾਂ-ਸੀਮਾਵਾਂ ਦੇ ਅੰਦਰ ਕਰਵਾਈ ਜਾਵੇਗੀ। ਸਾਰੇ ਅਧਿਕਾਰੀਆਂ ਨੇ ਇਸ ਦੀ ਸਫਲਤਾ ਯਕੀਨੀ ਬਣਾਉਣ ਲਈ ਪੇਸ਼ੇਵਰ ਇਮਾਨਦਾਰੀ, ਕਾਨੂੰਨੀ ਪਾਲਣਾ ਅਤੇ ਪ੍ਰਸ਼ਾਸਕੀ ਕੁਸ਼ਲਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ। ਮੁੱਖ ਮੌਜੂਦ ਵਿਅਕਤੀਆਂ ਵਿੱਚ ਸ੍ਰੀ ਮਨਜੀਤ ਸਿੰਘ ਬਰਾੜ, ਡਾ. ਨਵਜੋਤ ਖੋਸਾ, ਸ੍ਰੀ ਕੁਲਵੰਤ ਸਿੰਘ, ਡਵੀਜ਼ਨਲ ਕਮਿਸ਼ਨਰ, ਸੂਬੇ ਭਰ ਦੇ ਸਾਰੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਸ਼ਾਮਲ ਸਨ।

Posted By: Daily Suraj Bureau

Latest News