Daily Suraj

ਪੰਜਾਬੀ

ਗਾਜ਼ੀਆਬਾਦ ਅੱਗ ਕਾਂਡ: ਧਮਾਕਿਆਂ ਦੀਆਂ ਆਵਾਜ਼ਾਂ 10 ਕਿਮੀ ਤੱਕ ਸੁਣਾਈ ਦਿੱਤੀਆਂ

16 Apr, 2026 06:05 PM

ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣਾ ਖੇਤਰ ਦੇ ਕਨਵਾਨੀ ਪਿੰਡ ਵਿੱਚ ਵੀਰਵਾਰ ਦੁਪਹਿਰ ਇੱਕ ਭਿਆਨਕ ਅੱਗ ਲੱਗਣ ਨਾਲ ਸੈਂਕੜੇ ਝੁੱਗੀਆਂ ਸੜ ਕੇ ਖਾਕ ਹੋ ਗਈਆਂ। ਦੁਪਹਿਰ ਕਰੀਬ 12 ਵਜੇ ਭੜਕੀ ਅੱਗ ਨੇ ਥੋੜ੍ਹੇ ਹੀ ਸਮੇਂ ਵਿੱਚ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਇਲਾਕੇ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਅੱਗ ਦੀ ਤੀਬਰਤਾ ਇੰਨੀ ਵੱਧ ਸੀ ਕਿ ਦੂਰ-ਦੂਰ ਤੱਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸਨ। ਇਸ ਕਾਰਨ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਘਰ ਛੱਡ ਕੇ ਬਾਹਰ ਨਿਕਲਣ ਲੱਗ ਪਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਕਾਬੂ ਪਾਉਣ ਲਈ 22 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੈਨਾਤ ਕੀਤੀਆਂ ਗਈਆਂ ਹਨ, ਜਦਕਿ ਨੋਇਡਾ ਤੋਂ ਵੀ ਵਾਧੂ ਗੱਡੀਆਂ ਮੰਗਵਾਈਆਂ ਗਈਆਂ। ਅਧਿਕਾਰੀ ਅਜੇ ਵੀ ਅੱਗ ਬੁਝਾਉਣ ਦੇ ਯਤਨਾਂ ਵਿੱਚ ਜੁਟੇ ਹੋਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਰਵਿੰਦਰ ਕੁਮਾਰ ਦੇ ਅਨੁਸਾਰ, ਇਸ ਇਲਾਕੇ ਵਿੱਚ ਕਬਾੜ ਦਾ ਕੰਮ ਕਰਨ ਵਾਲੇ ਲੋਕ ਝੁੱਗੀਆਂ ਵਿੱਚ ਰਹਿੰਦੇ ਹਨ। ਅੱਗ ਲੱਗਣ ਤੋਂ ਬਾਅਦ ਝੁੱਗੀਆਂ ਵਿੱਚ ਮੌਜੂਦ ਰਸੋਈ ਗੈਸ ਸਿਲੰਡਰ ਇਕ-ਇਕ ਕਰਕੇ ਫਟਣ ਲੱਗ ਪਏ, ਜਿਸ ਨਾਲ ਅੱਗ ਨੇ ਹੋਰ ਭਿਆਨਕ ਰੂਪ ਧਾਰ ਲਿਆ। ਧਮਾਕਿਆਂ ਦੀਆਂ ਆਵਾਜ਼ਾਂ ਲਗਭਗ 10 ਕਿਲੋਮੀਟਰ ਤੱਕ ਸੁਣੀਆਂ ਗਈਆਂ। ਮੌਕੇ ‘ਤੇ ਪੁਲਿਸ ਅਤੇ ਹੋਰ ਰਾਹਤ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਕਈ ਥਾਣਿਆਂ ਦੀ ਪੁਲਿਸ ਫੋਰਸ ਨੇ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਐਂਬੂਲੈਂਸਾਂ ਨੂੰ ਵੀ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ ਅਤੇ ਨੇੜਲੇ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਫਿਲਹਾਲ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਲਿਸ ਵੱਲੋਂ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।

Posted By: Daily Suraj Bureau

Latest News