ਹੋਟਲ ‘ਰਾਇਲ ਪਲਾਜ਼ਾ’ ਵਿੱਚ ਨੌਜਵਾਨ ਦੀ ਮੌਤ, ਸੀਸੀਟੀਵੀ ਫੁਟੇਜ ਦੀ ਜਾਂਚ
ਰਾਜਧਾਨੀ ਦਿੱਲੀ ਦੇ ਪ੍ਰਸਿੱਧ ਇਲਾਕੇ ਕਨਾਟ ਪਲੇਸ ਵਿੱਚ ਐਤਵਾਰ ਸਵੇਰੇ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਨੌਜਵਾਨ ਵਕੀਲ ਨੇ ਕਥਿਤ ਤੌਰ ‘ਤੇ ਹੋਟਲ ਦੀ 15ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 26 ਸਾਲਾ ਰਾਜੇਸ਼ ਸਿੰਘ ਵਜੋਂ ਹੋਈ ਹੈ, ਜੋ ਮਹਾਂਵੀਰ ਐਨਕਲੇਵ ਦਾ ਰਹਿਣ ਵਾਲਾ ਸੀ ਅਤੇ Delhi High Court ਵਿੱਚ ਵਕਾਲਤ ਕਰਦਾ ਸੀ। ਪੁਲੀਸ ਦੇ ਅਨੁਸਾਰ ਇਹ ਘਟਨਾ ਐਤਵਾਰ ਸਵੇਰੇ ਵਾਪਰੀ। ਪੁਲੀਸ ਕੰਟਰੋਲ ਰੂਮ ਨੂੰ ਕਰੀਬ 9:15 ਵਜੇ ਸੂਚਨਾ ਮਿਲੀ ਕਿ The Royal Plaza ਵਿੱਚ ਇੱਕ ਨੌਜਵਾਨ ਨੇ ਉੱਚਾਈ ਤੋਂ ਛਾਲ ਮਾਰ ਦਿੱਤੀ ਹੈ। ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਅਤੇ ਥਾਣਾ ਕਨਾਟ ਪਲੇਸ ਦੇ ਐੱਸ.ਐੱਚ.ਓ. ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕੀਤੀ ਗਈ। ਮੁੱਢਲੀ ਜਾਂਚ ਮੁਤਾਬਕ ਰਾਜੇਸ਼ ਸਿੰਘ ਸ਼ਨੀਵਾਰ ਸ਼ਾਮ ਕਰੀਬ 6:30 ਵਜੇ ਹੋਟਲ ਵਿੱਚ ਚੈੱਕ-ਇਨ ਕਰਕੇ ਟਿਕਿਆ ਸੀ ਅਤੇ ਅਗਲੇ ਦਿਨ ਸਵੇਰੇ ਉਸ ਨੇ ਉਪਰਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਸਥਲ ‘ਤੇ ਪੁਲੀਸ ਦੀ ਕ੍ਰਾਈਮ ਟੀਮ ਅਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਗਏ ਹਨ। ਨਾਲ ਹੀ ਹੋਟਲ ਦੇ ਸੀਸੀਟੀਵੀ ਫੁਟੇਜ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਰਾਜੇਸ਼ ਨੂੰ ਤੁਰੰਤ Lady Hardinge Medical College ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਸ਼ਰੀਰ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪੁਲੀਸ ਅਧਿਕਾਰੀਆਂ ਦੇ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਵਿੱਚ ਕਿਸੇ ‘ਤੇ ਵੀ ਸ਼ੱਕ ਜਤਾਇਆ ਨਹੀਂ ਗਿਆ। ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਜਾਰੀ ਹੈ ਅਤੇ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
Posted By: Daily Suraj Bureau